ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਡੂੰਘਾ ਸਦਮਾ, ਨੌਜਵਾਨ ਪੁੱਤਰ ਦੀ ਭਿਆਨਕ ਹਾਦਸੇ ਦੌਰਾਨ ਮੌਤ
Saturday, Jun 08, 2024 - 10:26 AM (IST)
ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਾਹਿਬ ਗਿਆਨੀ ਮਲਕੀਤ ਸਿੰਘ ਵਰਪਾਲ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੇ ਨੌਜਵਾਨ ਸਪੁੱਤਰ ਭਾਈ ਹਰਚਰਨਪ੍ਰੀਤ ਸਿੰਘ ਰਾਗੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਹਰਚਰਨਪ੍ਰੀਤ ਨਾਲ ਉਨ੍ਹਾਂ ਦੇ ਸਹੁਰਾ ਜਸਬੀਰ ਸਿੰਘ ਅਤੇ ਇਕ ਸਾਥੀ ਗੁਰਪ੍ਰੀਤ ਸਿੰਘ ਦੀ ਵੀ ਇਸ ਹਾਦਸੇ ਦੌਰਾਨ ਮੌਤ ਹੋ ਗਈ ਹੈ। ਭਾਈ ਹਰਚਰਨਪ੍ਰੀਤ ਸਿੰਘ ਦੀ ਉਮਰ 25 ਸਾਲ ਦੀ ਸੀ।
ਉਹ ਆਪਣੇ ਪਿੱਛੇ ਪਤਨੀ ਗਗਨਪ੍ਰੀਤ ਕੌਰ ਤੋਂ ਇਲਾਵਾ 2 ਸਾਲ ਦਾ ਬੱਚਾ ਹਰੀ ਸਿੰਘ ਛੱਡ ਗਏ ਹਨ। ਜਾਣਕਾਰੀ ਮੁਤਾਬਕ ਭਾਈ ਹਰਚਰਨਪ੍ਰੀਤ ਸਿੰਘ ਕੀਰਤਨ ਕਰਦੇ ਸੀ ਅਤੇ ਟਾਟਾ ਨਗਰ ਕੀਰਤਨ ਸਮਾਗਮ 'ਤੇ ਜਾ ਰਹੇ ਸੀ। ਰਾਹ 'ਚ ਉੁਨ੍ਹਾਂ ਦੀ ਕਾਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਕਾਰ 'ਚ ਸਵਾਰ ਭਾਈ ਹਰਚਰਨਪ੍ਰੀਤ ਸਿੰਘ ਸਣੇ ਉਕਤ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗਿਆਨੀ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹਾਂ 8 ਜੂਨ ਨੂੰ ਅੰਮ੍ਰਿਤਸਰ ਪਹੁੰਚਣੀਆਂ 9 ਜੂਨ ਨੂੰ ਅੰਤਿਮ ਸੰਸਕਾਰ ਕੀਤੇ ਜਾਣਗੇ।
ਇਸ ਦੁੱਖ ਦੀ ਘੜੀ 'ਚ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਰਾਜਦੀਪ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਕੱਤਰ ਪ੍ਰਤਾਪ ਸਿੰਘ, ਓ. ਐੱਸ. ਡੀ. ਸਤਿਬੀਰ ਸਿੰਘ, ਵਧੀਕ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਤੋਂ ਇਲਾਵਾ ਬਾਕੀਆਂ ਨੇ ਸਿੰਘ ਸਾਹਿਬ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8