ਬ੍ਰਿਟਿਸ਼ ਮਹਿਲਾ ਨੂੰ ਮੰਨ ਲਿਆ ਸੀ ਮ੍ਰਿਤਕ, 6 ਘੰਟੇ ਬਾਅਦ ਧੜਕਣ ਲੱਗਾ ਦਿਲ

Friday, Dec 06, 2019 - 09:15 PM (IST)

ਬ੍ਰਿਟਿਸ਼ ਮਹਿਲਾ ਨੂੰ ਮੰਨ ਲਿਆ ਸੀ ਮ੍ਰਿਤਕ, 6 ਘੰਟੇ ਬਾਅਦ ਧੜਕਣ ਲੱਗਾ ਦਿਲ

ਲੰਡਨ (ਆਈ.ਏ.ਐਨ.ਐਸ.)- 6 ਘੰਟੇ ਤੱਕ ਦਿਲ ਦੇ ਕੰਮ ਨਾ ਕਰਨ ਤੋਂ ਬਾਅਦ ਬ੍ਰਿਟੇਨ ਦੀ ਇਕ ਮਹਿਲਾ ਦਾ ਦਿਲ ਫਿਰ ਤੋਂ ਧੜਕਣ ਲੱਗਾ। ਡਾਕਟਰਾਂ ਨੇ ਇਸ ਨੂੰ ਦੁਰਲਭ ਮਾਮਲਾ ਦੱਸਿਆ ਹੈ। ਇਹ ਵਾਕਿਆ ਪੇਸ਼ ਆਇਆ 34 ਸਾਲ ਦੀ ਆਡਰੀ ਸ਼ੋਮੈਨ ਦੇ ਨਾਲ। ਬਾਰਸੀਲੋਨਾ ਵਿਚ ਰਹਿਣ ਵਾਲੀ ਆਡਰੀ ਹਾਲ ਵਿਚ ਹਾਈਕਿੰਗ ਦੇ ਲਈ ਪਤੀ ਰੋਹਨ ਦੇ ਨਾਲ ਸਪੇਨ ਦੇ ਪਰਵਤੀ ਇਲਾਕੇ ਪਾਇਰੇਨੀਸ ਗਈ ਸੀ।
ਇਸ ਦੌਰਾਨ ਅਚਾਨਕ ਆਏ ਬਰਫੀਲੇ ਤੂਫਾਨ ਵਿਚ ਦੋਵੇਂ ਘਿਰ ਗਏ। ਬਰਫੀਲੀਆਂ ਹਵਾਵਾਂ ਦੇ ਥਪੇੜੇ ਝੱਲਣ ਨਾਲ ਆਡਰੀ ਦੇ ਦਿਲ ਦੀ ਧੜਕਣ ਰੁਕ ਗਈ ਅਤੇ ਉਹ ਬੇਸੁੱਧ ਹੋ ਗਈ। ਤੇਜ਼ ਤੂਫਾਨ ਕਾਰਨ ਰਾਹਤ ਅਤੇ ਬਚਾਅ ਸੇਵਾ ਵੀ ਦੇਰ ਨਾਲ ਉਨ੍ਹਾਂ ਕੋਲ ਪਹੁੰਚੀ। ਭਾਰੀ ਬਰਫ ਵਿਚਾਲੇ ਘੰਟਿਆਂ ਬੇਸੁੱਧ ਪਈ ਪਤਨੀ ਨੂੰ ਰੋਹਨ ਨੇ ਮ੍ਰਿਤ ਮੰਨ ਲਿਆ ਸੀ, ਪਰ 6 ਘੰਟੇ ਬਾਅਦ ਬਾਰਸੀਲੋਨਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਏ ਜਾਣ 'ਤੇ ਡਾਕਟਰ ਆਡਰੀ ਦੀ ਜਾਨ ਬਚਾਉਣ ਵਿਚ ਕਾਮਯਾਬ ਰਹੇ। ਡਾਕਟਰ ਨੇ ਦੱਸਿਆ ਕਿ ਹਾਈਪੋਥਰਮੀਆ ਦੇ ਕਾਰਨ ਆਡਰੀ ਦੇ ਦਿਲ ਦੀ ਧੜਕਣ ਰੁਕ ਗਈ ਸੀ। ਪਰ ਇਸੇ ਕਾਰਨ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਇਸ ਨਾਲ ਉਨ੍ਹਾਂ ਦੀ ਜਾਨ ਬਚ ਗਈ।


author

Sunny Mehra

Content Editor

Related News