ਧਾਰਾ 370 ਨੂੰ ਲੈ ਕੇ ਦੋ ਗੁੱਟਾਂ ''ਚ ਵੰਡਿਆ ਗਿਆ ਯੂ. ਕੇ.

08/07/2019 3:44:38 PM

ਲੰਡਨ— ਜੰਮੂ-ਕਸ਼ਮੀਰ 'ਚੋਂ 370 ਧਾਰਾ ਹਟਾ ਦਿੱਤੇ ਜਾਣ 'ਤੇ ਭਾਰਤ ਸਮੇਤ ਵਿਦੇਸ਼ਾਂ 'ਚ ਵੀ ਖੁਸ਼ੀ ਮਨਾਈ ਗਈ। ਇਸ ਇਤਿਹਾਸਕ ਫੈਸਲੇ ਮਗਰੋਂ ਬ੍ਰਿਟਿਸ਼ ਸੰਸਦ ਮੈਂਬਰਾਂ ਦੇ ਵਿਚਾਰ ਵੱਖਰੇ-ਵੱਖਰੇ ਦਿਖਾਈ ਦਿੱਤੇ। ਇਸ ਦੇ ਨਾਲ ਹੀ ਯੂ. ਕੇ. ਨੇ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਦੀ ਅਪੀਲ ਕੀਤੀ ਹੈ ਪਰ ਇਸ ਮੁੱਦੇ ਨੂੰ ਲੈ ਕੇ ਕੁਝ ਬ੍ਰਿਟਿਸ਼ ਸੰਸਦਾਂ ਨੇ 'ਗੰਭੀਰ ਚਿੰਤਾ' ਪ੍ਰਗਟਾਈ ਅਤੇ ਕੁਝ ਨੇ ਮਜ਼ਬੂਤ ਸਮਰਥਨ ਪ੍ਰਗਟ ਕੀਤਾ ਹੈ। 

ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੇ ਇਕ ਬੁਲਾਰੇ ਨੇ ਕਿਹਾ,''ਅਸੀਂ ਇਸ ਮੁੱਦੇ 'ਤੇ ਬਰੀਕੀ ਨਾਲ ਧਿਆਨ ਦੇ ਰਹੇ ਹਾਂ ਅਤੇ ਸਥਿਤੀ ਨੂੰ ਸ਼ਾਂਤ ਬਣਾਏ ਰੱਖਣ ਦੀ ਅਪੀਲ ਕਰਦੇ ਹਾਂ।'' ਕਸ਼ਮੀਰ 'ਤੇ 'ਬ੍ਰਿਟੇਨ ਦੇ ਆਲ ਪਾਰਟੀ ਪਾਰਲਿਆਮੈਂਟਰੀ ਗਰੁੱਪ' ਨੇ ਬ੍ਰਿਟੇਨ ਦੇ ਵਿਦੇਸ਼ ਮੰਤਰੀ ਡਾਮਿਨਿਕ ਰਾਬ ਨੂੰ ਮਨੁੱਖੀ ਅਧਿਕਾਰਾਂ ਦੀਆਂ ਚਿੰਤਾਵਾਂ ਨੂੰ ਲੈ ਕੇ ਇਕ ਪੱਤਰ ਲਿਖਿਆ ਅਤੇ ਪੁੱਛਿਆ ਕੀ ਬ੍ਰਿਟੇਨ ਸਤੰਬਰ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਇਸ ਮੁੱਦੇ ਨੂੰ ਚੁੱਕੇਗਾ। ਲੇਬਰ ਪਾਰਟੀ ਦੀ ਸੰਸਦ ਮੈਂਬਰ ਅਤੇ ਕਸ਼ਮੀਰ 'ਤੇ ਵਿਦੇਸ਼ ਅਤੇ ਰਾਸ਼ਟਰਮੰਡਲ ਦਫਤਰ ਦੀ ਪ੍ਰਧਾਨ ਡੇਬੀ ਇਬਰਾਹਿਮ ਮੰਤਰੀ ਨੂੰ ਲਿਖੇ ਆਪਣੇ ਪੱਤਰ 'ਚ ਕਿਹਾ,''ਅਸੀਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਭਾਰਤੀ ਸੰਵਿਧਾਨ ਦੇ ਧਾਰਾ 370 'ਤੇ ਕੀਤੀ ਗਈ ਘੋਸ਼ਣਾ ਨੂੰ ਲੈ ਕੇ ਚਿੰਤਾ 'ਚ ਹਾਂ, ਜਿਸ ਨੂੰ ਰਾਸ਼ਟਰਪਤੀ ਦੇ ਹੁਕਮ ਵਲੋਂ ਹਟਾ ਦਿੱਤਾ ਗਿਆ ਹੈ। ਇਬਰਾਹਿਮ ਨੇ ਬ੍ਰਿਟੇਨ 'ਚ ਭਾਰਤੀ ਹਾਈਮਸ਼ਿਨਰ ਰੁਚੀ ਘਨਸ਼ਾਮ ਨੂੰ ਵੀ ਇਕ ਪੱਤਰ ਜਾਰੀ ਕਰਕੇ ਭਾਰਤ ਸਰਕਾਰ ਦੀ ਸਥਿਤੀ 'ਤੇ ਚਰਚਾ ਕਰਨ ਲਈ ਬੈਠਕ ਸੱਦੀ ਹੈ।


ਉੱਥੇ ਹੀ, ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਬਾਬ ਬਲੈਕਮੈਨ ਨੇ ਕਿਹਾ,''ਮੈਂ ਧਾਰਾ 370 ਨੂੰ ਹਟਾਏ ਜਾਣ ਦਾ ਪੂਰੀ ਤਰ੍ਹਾਂ ਸਮਰਥਨ ਕਰਦਾ ਹਾਂ...ਨਰਿੰਦਰ ਮੋਦੀ ਨੇ ਭਾਜਪਾ ਦੇ ਘੋਸ਼ਣਾ ਪੱਤਰ ਦੇ ਮੁਤਾਬਕ ਸਹੀ ਅਤੇ ਮਜ਼ੂਬੂਤ ਅਗਵਾਈ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਕਿ ਜੰਮੂ-ਕਸ਼ਮੀਰ ਨੂੰ ਭਾਰਤੀ ਸੰਵਿਧਾਨ 'ਚ ਸ਼ਾਮਲ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਘਾਟੀ 'ਚ ਖੇਤੀ , ਸੱਭਿਆਚਾਰਕ ਹੱਥ ਕਲਾ ਨਿਰਯਾਤ, ਹਾਈਡਰੋ-ਇਲੈਕਟ੍ਰਿਕ ਪਾਵਰ ਅਤੇ ਸੈਲਾਨੀ ਸਥਾਨਾਂ ਲਈ ਖਾਸ ਮੌਕੇ ਹਨ।'' ਅਜਿਹਾ ਨਹੀਂ ਕਿ ਸਿਰਫ ਸੰਸਦ ਮੈਂਬਰ ਸਗੋਂ ਉੱਥੋਂ ਦੇ ਲੋਕ ਵੀ ਇਸ ਸਬੰਧੀ ਦੋ ਰਾਇ ਪ੍ਰਗਟਾ ਰਹੇ ਹਨ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਦੋ ਹਿੱਸਿਆਂ 'ਚ ਵੰਡ ਕੇ ਇਨ੍ਹਾਂ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਹੈ ਤਾਂ ਕਿ ਅੱਤਵਾਦ ਨੂੰ ਖਤਮ ਕਰਕੇ ਦੇਸ਼ ਦਾ ਵਿਕਾਸ ਕੀਤਾ ਜਾ ਜਾਵੇ।


Related News