ਬ੍ਰਿਟੇਨ ਸਰਕਾਰ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਪਨਾਹ ਦੇਣ ਵਾਲਿਆਂ ਨੂੰ ਦੇਵੇਗੀ 350 ਪੌਂਡ

Sunday, Mar 13, 2022 - 01:57 PM (IST)

ਬ੍ਰਿਟੇਨ ਸਰਕਾਰ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਪਨਾਹ ਦੇਣ ਵਾਲਿਆਂ ਨੂੰ ਦੇਵੇਗੀ 350 ਪੌਂਡ

ਲੰਡਨ (ਯੂ. ਐੱਨ. ਆਈ.): ਬ੍ਰਿਟੇਨ ਦੀ ਸਰਕਾਰ ਨੇ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਆਪਣੇ ਘਰਾਂ ਵਿਚ ਪਨਾਹ ਦੇਣ ਵਾਲਿਆਂ ਨੂੰ ਹਰ ਮਹੀਨੇ 350 ਪੌਂਡ ਦੇਣ ਦੀ ਪੇਸ਼ਕਸ਼ ਕੀਤੀ ਹੈ। ਬੀਬੀਸੀ ਨੇ ਐਤਵਾਰ ਨੂੰ ਆਪਣੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਲਈ ਬ੍ਰਿਟਿਸ਼ ਸਰਕਾਰ ਦੀ ਰਿਹਾਇਸ਼ ਯੋਜਨਾ ਵਿਚ ਯੂਕੇ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇੱਕ ਸ਼ਰਨਾਰਥੀ ਨੂੰ ਘੱਟੋ ਘੱਟ ਛੇ ਮਹੀਨਿਆਂ ਦੀ ਮਿਆਦ ਲਈ ਇੱਕ ਖਾਲੀ ਕਮਰਾ ਜਾਂ ਇੱਕ ਖਾਲੀ ਜਾਇਦਾਦ ਦੇਣ। ਨਵੀਂ ਸਕੀਮ 'ਲੈਵਲਿੰਗ ਅੱਪ' ਦੀ ਘੋਸ਼ਣਾ ਕਰਦੇ ਹੋਏ ਸੈਕਟਰੀ ਮਾਈਕਲ ਗੋਵ ਨੇ ਲੋਕਾਂ ਨੂੰ 'ਰਾਸ਼ਟਰੀ ਯਤਨ' ਵਿੱਚ ਸ਼ਾਮਲ ਹੋਣ ਅਤੇ ਲੋੜਵੰਦਾਂ ਨੂੰ ਸੁਰੱਖਿਅਤ ਘਰ ਪ੍ਰਦਾਨ ਕਰਨ ਦੀ ਅਪੀਲ ਕੀਤੀ। ਇਹ ਯੋਜਨਾ ਸੋਮਵਾਰ ਨੂੰ ਲਾਂਚ ਕੀਤੀ ਜਾਵੇਗੀ। 

ਇਸ ਮਗਰੋ ਬ੍ਰਿਟੇਨ ਵਸਨੀਕ ਯੂਕ੍ਰੇਨ ਦੇ ਕਿਸੇ ਵਿਅਕਤੀ ਜਾਂ ਪਰਿਵਾਰ ਨੂੰ ਛੇ ਮਹੀਨਿਆਂ ਲਈ ਆਪਣੇ ਘਰ ਜਾਂ ਵੱਖਰੀ ਜਾਇਦਾਦ ਵਿੱਚ ਰਹਿਣ ਲਈ ਨਾਮਜ਼ਦ ਕਰ ਸਕਣਗੇ। ਇੱਕ ਵਾਰ ਸਕੀਮ ਸ਼ੁਰੂ ਹੋਣ ਤੋਂ ਬਾਅਦ ਸਪਾਂਸਰਾਂ (ਜ਼ਮੀਨ ਮਾਲਕਾਂ) ਨੂੰ ਉਹਨਾਂ (ਯੂਕ੍ਰੇਨ ਨਿਵਾਸੀਆਂ) ਨੂੰ ਪਹਿਲਾਂ ਤੋਂ ਜਾਣਨ ਦੀ ਲੋੜ ਨਹੀਂ ਹੋਵੇਗੀ ਅਤੇ ਉਹਨਾਂ ਨੂੰ ਸੋਸ਼ਲ ਮੀਡੀਆ ਆਦਿ 'ਤੇ ਪੋਸਟਾਂ ਰਾਹੀਂ ਲੱਭ ਸਕਦੇ ਹਨ। ਅਰਜ਼ੀਆਂ ਆਨਲਾਈਨ ਭਰੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਬਾਅਦ ਗ੍ਰਹਿ ਵਿਭਾਗ ਵੱਲੋਂ ਮਕਾਨ ਮਾਲਕ ਅਤੇ ਸ਼ਰਨਾਰਥੀਆਂ ਦੀ ਜਾਂਚ ਕੀਤੀ ਜਾਵੇਗੀ। ਘਰ ਦੇ ਮਾਲਕਾਂ ਨੂੰ ਫਿਰ 350 ਪੌਂਡ ਪ੍ਰਤੀ ਮਹੀਨਾ ਦਾ 'ਧੰਨਵਾਦ' ਭੁਗਤਾਨ ਪ੍ਰਾਪਤ ਹੋਵੇਗਾ। 

ਪੜ੍ਹੋ ਇਹ ਅਹਿਮ ਖ਼ਬਰ- ਰੂਸ ਦੀ ਘਿਣਾਉਣੀ ਸਾਜਿਸ਼, ਫ੍ਰੀਜ਼ਰ 'ਚ ਰੱਖੀਆਂ ਫ਼ੌਜੀਆਂ ਦੀਆਂ ਲਾਸ਼ਾਂ, ਚੇਰਨੋਬਿਲ ਪਰਮਾਣੂ ਪਲਾਂਟ 'ਤੇ ਕਰੇਗਾ ਹਮਲਾ

ਇਸ ਯੋਜਨਾ ਦੇ ਅਗਲੇ ਪੜਾਅ ਵਿੱਚ ਚੈਰਿਟੀ ਅਤੇ ਚਰਚ ਵਰਗੀਆਂ ਸੰਸਥਾਵਾਂ ਵੀ ਗ੍ਰੀਕ ਸ਼ਰਨਾਰਥੀਆਂ ਨੂੰ ਆਪਣੇ ਨਾਲ ਰੱਖ ਸਕਣਗੀਆਂ। ਸ਼ਰਨਾਰਥੀ ਕੌਂਸਲ ਨੇ ਹਾਲਾਂਕਿ ਕਿਹਾ ਕਿ ਉਹ ਯੂਕੇ ਆਉਣ ਵਾਲਿਆਂ ਲਈ ਉਪਲਬਧ ਸਹਾਇਤਾ ਦੇ ਪੱਧਰ ਬਾਰੇ ਚਿੰਤਤ ਹੈ। ਇੱਥੋਂ ਤੱਕ ਕਿ ਲੇਬਰ ਪਾਰਟੀ ਨੇ ਵੀ ਇਸ ਸਕੀਮ 'ਤੇ ਸਵਾਲ ਉਠਾਏ ਹਨ ਅਤੇ ਸਰਕਾਰ 'ਤੇ ਸੰਕਟ ਦੇ ਸਮੇਂ 'ਚ ਪੈਰ ਪਸਾਰਨ ਦਾ ਦੋਸ਼ ਲਗਾਇਆ ਹੈ। ਜ਼ਿਕਰਯੋਗ ਹੈਕਿ ਸੰਯੁਕਤ ਰਾਸ਼ਟਰ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਰਨਾਰਥੀ ਸੰਕਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ 20 ਲੱਖ ਤੋਂ ਵੱਧ ਲੋਕ ਯੂਕ੍ਰੇਨ ਤੋਂ ਭੱਜਣ ਲਈ ਮਜਬੂਰ ਹੋਏ ਹਨ।
 


author

Vandana

Content Editor

Related News