ਬੰਨ ਹੇਅਰਸਟਾਈਲ ਬਨਾਉਣ 'ਤੇ ਪੁਰਸ਼ ਵਰਕਰ ਨੂੰ ਬ੍ਰਿਟਿਸ਼ ਏਅਰਵੇਜ਼ ਨੇ ਕੀਤਾ ਬਰਖਾਸਤ

Monday, Aug 06, 2018 - 03:30 PM (IST)

ਬੰਨ ਹੇਅਰਸਟਾਈਲ ਬਨਾਉਣ 'ਤੇ ਪੁਰਸ਼ ਵਰਕਰ ਨੂੰ ਬ੍ਰਿਟਿਸ਼ ਏਅਰਵੇਜ਼ ਨੇ ਕੀਤਾ ਬਰਖਾਸਤ

ਲੰਡਨ (ਬਿਊਰੋ)— ਬ੍ਰਿਟਿਸ਼ ਏਅਰਵੇਜ਼ ਵਿਚ ਕੰਮ ਕਰਨ ਵਾਲੇ ਇਕ ਸ਼ਖਸ ਨੇ ਏਅਰਵੇਜ਼ 'ਤੇ ਲਿੰਗ ਭੇਦਭਾਵ (Sexism) ਕਰਨ ਦਾ ਦੋਸ਼ ਲਗਾਇਆ ਹੈ। ਸ਼ਖਸ ਦਾ ਦੋਸ਼ ਹੈ ਕਿ ਬ੍ਰਿਟਿਸ਼ ਏਅਰਵੇਜ਼ ਨੇ ਉਸ ਨੂੰ ਸਿਰਫ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਕਿਉਂਕਿ ਉਸ ਦਾ ਹੇਅਰਸਟਾਈਲ ਵੱਖਰਾ ਸੀ। ਉਸ ਨੇ ਵਾਲਾਂ ਦਾ ਜੂੜਾ (bun) ਬਣਾਇਆ ਹੋਇਆ ਸੀ। 

ਬੌਸ ਨੇ ਕੀਤੀ ਟਿੱਪਣੀ
26 ਸਾਲਾ ਸਿਡ ਓਆਰਡ ਦਾ ਕਹਿਣਾ ਹੈ ਕਿ ਕੰਪਨੀ ਨੇ ਇਹ ਕਹਿੰਦੇ ਹੋਏ ਉਸ ਨਾਲ ਕੀਤਾ ਸਮਝੌਤਾ (contract) ਖਤਮ ਕਰ ਦਿੱਤਾ ਕਿ ਉਸ ਦਾ ਹੇਅਰਸਟਾਈਲ ਅਜੀਬ ਹੈ। ਅਜਿਹਾ ਹੇਅਰਸਟਾਈਲ ਬਣਾ ਕੇ ਉਸ ਨੇ ਕੰਪਨੀ ਦੀ ਯੂਨੀਫਾਰਮ ਪਾਲਿਸੀ ਦੀ ਉਲੰਘਣਾ ਕੀਤੀ ਹੈ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਸਿਡ ਓਆਰਡ ਬ੍ਰਿਟਿਸ਼ ਏਅਰਵੇਜ਼ ਵਿਚ ਕਸਟਮਰ ਸਰਵਿਸ ਦੇ ਤੌਰ 'ਤੇ ਕੰਮ ਕਰ ਰਿਹਾ ਸੀ। ਸਿਡ ਮੁਤਾਬਕ ਉਸ ਦਾ ਹੇਅਰਸਟਾਈਲ ਦੇਖ ਕੇ ਉਸ ਦਾ ਬੌਸ ਇਕਦਮ ਭੜਕ ਪਿਆ। ਬੌਸ ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਟਿੱਪਣੀ ਕੀਤੀ,''ਤੁਹਾਡੇ ਵਾਲ ਤਾਂ ਬਿਲਕੁੱਲ ਲੜਕੀਆਂ ਦੀ ਤਰ੍ਹਾਂ ਹਨ।'' ਇਹੀ ਨਹੀਂ ਬੌਸ ਨੇ ਸਿਡ ਨੂੰ ਵਾਲ ਕੱਟਣ ਅਤੇ ਸਿੱਖਾਂ ਵਾਂਗ ਪੱਗ ਪਾਉਣ ਦੀ ਨਸੀਹਤ ਤੱਕ ਦੇ ਦਿੱਤੀ। 

 

PunjabKesari

ਬ੍ਰਿਟਿਸ਼ ਏਅਰਵੇਜ਼ ਦੀ ਯੂਨੀਫਾਰਮ ਪਾਲਿਸੀ
ਸਿਡ ਅੱਗੇ ਦੱਸਦੇ ਹਨ,''ਮੈਨੂੰ ਕਿਹਾ ਗਿਆ ਕਿ ਮੈਂ ਜੂੜਾ ਨਹੀਂ ਬਣਾ ਸਕਦਾ ਕਿਉਂਕਿ ਅਜਿਹਾ ਹੇਅਰਸਟਾਈਲ ਸਿਰਫ ਲੜਕੀਆਂ ਹੀ ਬਣਾ ਸਕਦੀਆਂ ਹਨ। ਮੈਂ ਮੁੰਡਾ ਹਾਂ ਇਸ ਲਈ ਲੰਬੇ ਵਾਲ ਰੱਖਣਾ ਅਤੇ ਅਜਿਹਾ ਹੇਅਰਸਟਾਈਲ ਬਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।'' ਸਿਡ ਨੇ ਦਲੀਲ ਦਿੱਤੀ ਕਿ ਕਈ ਫਿਲਮ ਅਦਾਕਾਰਾਂ ਨੇ ਅਜਿਹਾ ਹੇਅਰਸਟਾਈਲ ਅਪਨਾਇਆ ਹੋਇਆ ਹੈ। ਇਨ੍ਹਾਂ ਵਿਚ ਲਿਓਨਾਰਡੋ ਡੀ ਕੈਪ੍ਰਿਓ ਅਤੇ ਓਰਲੈਂਡੋ ਬਲੂਮ ਵੀ ਸ਼ਾਮਲ ਹਨ। ਇਹ ਨਿੱਜੀ ਪਸੰਦ ਦਾ ਮਾਮਲਾ ਹੈ। ਏਅਰਵੇਜ਼ ਨੇ ਸਿਰਫ ਹੇਅਰਸਟਾਈਲ ਨੂੰ ਲੈ ਕੇ ਉਸ ਨਾਲ ਭੇਦਭਾਵ ਕੀਤਾ। ਇੱਥੇ ਦੱਸ ਦਈਏ ਕਿ ਬ੍ਰਿਟਿਸ਼ ਏਅਰਵੇਜ਼ ਦੀ ਯੂਨੀਫਾਰਮ ਪਾਲਿਸੀ ਮੁਤਾਬਕ ਪੁਰਸ਼ ਸਟਾਫ ਨੂੰ ਸਿਰਫ ਪੋਨੀਟੇਲ ਬਨਾਉਣ ਦੀ ਇਜਾਜ਼ਤ ਹੈ ਜਦਕਿ ਔਰਤਾਂ ਕਿਸੇ ਵੀ ਹੇਅਰਸਟਾਈਲ ਵਿਚ ਦਫਤਰ ਆ ਸਕਦੀਆਂ ਹਨ।


Related News