ਬ੍ਰਿਟੇਨ ਵੀ ਜਾਪਾਨ ਤੱਟ ਨੇੜੇ ਖੜ੍ਹੇ ਜਹਾਜ਼ 'ਚੋਂ ਕੱਢੇਗਾ ਆਪਣੇ ਨਾਗਰਿਕ

02/18/2020 3:59:19 PM

ਲੰਡਨ (ਭਾਸ਼ਾ): ਬ੍ਰਿਟੇਨ ਇਹ ਐਲਾਨ ਕਰਨ ਵਾਲਾ ਇਕ ਹੋਰ ਦੇਸ਼ ਬਣ ਗਿਆ ਹੈ ਕਿ ਉਹ ਕੋਰੋਨਾਵਾਇਰਸ ਕਾਰਨ ਜਾਪਾਨ ਵਿਚ ਸਮੁੰਦਰ ਤੱਟ ਨੇੜੇ ਵੱਖਰੇ ਖੜ੍ਹੇ ਕੀਤੇ ਗਏ ਕਰੂਜ਼ ਜਹਾਜ਼ 'ਤੇ ਫਸੇ ਆਪਣੇ ਨਾਗਰਿਕਾਂ ਨੂੰ ਕੱਢੇਗਾ। ਬ੍ਰਿਟੇਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਡਾਇਮੰਡ ਪ੍ਰਿੰਸੈੱਸ ਜਹਾਜ਼ ਤੋਂ ਆਪਣੇ ਨਾਗਰਿਕਾਂ ਨੂੰ ਜਹਾਜ਼ ਜ਼ਰੀਏ ਲਿਆਵੇਗਾ। ਇਸ ਜਹਾਜ਼ 'ਤੇ 450 ਤੋਂ ਵੱਧ ਲੋਕਾਂ ਦੀ COVID-19 ਨੂੰ ਲੈ ਕੇ ਕੀਤੀ ਗਈ ਜਾਂਚ ਦੇ ਨਤੀਜੇ ਪੌਜੀਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਹਾਂਗਕਾਂਗ ਅਤੇ ਦੱਖਣੀ ਕੋਰੀਆ ਨੇ ਕਿਹਾ ਸੀ ਕਿ ਉਹ ਇਸ ਜਹਾਜ਼ ਤੋਂ ਆਪਣੇ ਨਾਗਰਿਕਾਂ ਨੂੰ ਲਿਜਾਣਗੇ।ਇਸ ਜਹਾਜ਼ ਵਿਚ ਮੰਗਲਵਾਰ ਨੂੰ 88 ਹੋਰ ਲੋਕਾਂ ਦੀ ਕੋਰੋਨਾਵਾਇਰਸ ਦੀ ਜਾਂਚ ਰਿਪੋਰਟ ਪੌਜੀਟਿਵ ਆਈ ਹੈ।ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਕੁੱਲ 542 ਲੋਕਾਂ ਦੀ ਜਾਂਚ ਰਿਪੋਰਟ ਪੌਜੀਟਿਵ ਆ ਚੁੱਕੀ ਹੈ।

ਸੋਮਵਾਰ ਤੱਕ 300 ਤੋਂ ਵੱਧ ਅਮਰੀਕੀ ਇਸ ਜਹਾਜ਼ ਤੋਂ ਆਪਣੇ ਦੇਸ਼ ਪਹੁੰਚ ਗਏ। ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ,''ਡਾਇਮੰਡ ਪ੍ਰਿੰਸੈੱਸ ਜਹਾਜ਼ ਦੀ ਸਥਿਤੀ ਨੂੰ ਧਿਆਨ ਵਿਚ ਰੱਖ ਕੇ ਅਸੀਂ ਜਲਦੀ ਤੋਂ ਜਲਦੀ ਬ੍ਰਿਟਿਸ਼ ਨਾਗਰਿਕਾਂ ਨੂੰ ਲਿਆਉਣ ਲਈ ਉਡਾਣ ਦਾ ਇੰਤਜ਼ਾਮ ਕਰ ਰਹੇ ਹਾਂ।'' ਬੁਲਾਰੇ ਨੇ ਕਿਹਾ,''ਸਾਡੇ ਕਰਮਚਾਰੀ ਜ਼ਰੂਰੀ ਇੰਤਜ਼ਾਮ ਕਰਨ ਲਈ ਜਹਾਜ਼ ਦੇ ਬ੍ਰਿਟਿਸ਼ ਨਾਗਰਿਕਾਂ ਨਾਲ ਸੰਪਰਕ ਕਰ ਰਹੇ ਹਨ।'' 

ਇੱਥੇ ਦੱਸ ਦਈਏ ਕਿ ਡਾਇਮੰਡ ਪ੍ਰਿ੍ੰਸੈੱਸ ਜਹਾਜ਼ ਇਸ ਮਹੀਨੇ ਦੇ ਸ਼ੁਰੂ ਵਿਚ ਜਾਪਾਨ ਪਹੁੰਚਿਆ ਸੀ ਉਦੋਂ ਉਸ ਵਿਚ 3700 ਤੋਂ ਵੱਧ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ। ਜਹਾਜ਼ ਨੂੰ 3 ਫਰਵਰੀ ਨੂੰ ਯੋਕੋਹਾਮਾ ਨੇੜੇ ਸਮੁੰਦਰ ਵਿਚ ਵੱਖਰੇ ਰੱਖਿਆ ਗਿਆ ਸੀ। ਜਾਪਾਨ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਜਹਾਜ਼ 'ਤੇ ਸਵਾਰ ਸਾਰੇ ਲੋਕਾਂ ਦਾ ਕੋਰੋਨਾਵਾਇਰਸ ਨੂੰ ਲੈ ਕੇ ਪਰੀਖਣ ਹੋ ਚੁੱਕਾ ਹੈ। ਸਥਿਤੀ ਨਾਲ ਨਜਿੱਠਣ ਦੇ ਤਰੀਕਿਆਂ ਨੂੰ ਲੈ ਕੇ ਜਾਪਾਨ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਕਿਉਂਕਿ ਜਦੋਂ ਤੋਂ ਇਹ ਜਹਾਜ਼ ਪਹੁੰਚਿਆ ਹੈ ਉਦੋਂ ਤੋਂ ਰੋਜ਼ਾਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਬ੍ਰਿਟਿਸ਼ ਮੀਡੀਆ ਮੁਤਾਬਕ ਇਸ ਜਹਾਜ਼ 'ਤੇ 74 ਬ੍ਰਿਟਿਸ਼ ਯਾਤਰੀ ਅਤੇ ਚਾਲਕ ਦਲ ਵਿਚ ਸ਼ਾਮਲ ਮੈਂਬਰ ਹਨ। ਇਸ ਮੁੱਦੇ ਨਾਲ ਨਜਿੱਠਣ ਨੂੰ ਲੈ ਕੇ ਬ੍ਰਿਟਿਸ਼ ਸਰਕਾਰ ਵੀ ਆਲੋਚਨਾ ਦਾ ਸ਼ਿਕਾਰ ਹੋਈ ਹੈ।


Vandana

Content Editor

Related News