ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਵਲੋਂ ਕੌਮੀ ਸ਼ਹੀਦਾਂ ਨੂੰ ਕੀਤਾ ਸਿਜਦਾ
Wednesday, Mar 24, 2021 - 02:21 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) - ਸਥਾਨਕ 'ਕਮਿਊਨਿਟੀ ਰੇਡੀਓ ਫੋਰ ਈ. ਬੀ. ਬ੍ਰਿਸਬੇਨ' ਵਿਖੇ 'ਪੰਜਾਬੀ ਭਾਸ਼ਾ ਗਰੁੱਪ' ਅਤੇ 'ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਆਸਟ੍ਰੇਲੀਆ' ਦੀ ਅਗਵਾਈ ਹੇਠ ਦੇਸ਼ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਬੈਠਕ ਦੀ ਸ਼ੁਰੂਆਤ ਜਗਜੀਤ ਖੋਸਾ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਨਾਲ ਕੀਤੀ ਅਤੇ ਕਿਹਾ ਕਿ ਅੱਜ ਭਾਰਤ ਵਾਸੀ ਜਿਸ ਅਜ਼ਾਦੀ ਦਾ ਨਿੱਘ ਮਾਣ ਰਹੇ ਹਨ ਇਹ ਸਭ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਸੰਭਵ ਹੋਇਆ ਹੈ। ਸ਼ਹੀਦ ਭਗਤ ਸਿੰਘ ਸਮਾਜ ਵਿਚੋਂ ਸਮਾਜਿਕ ਬੁਰਾਈਆਂ ਖਤਮ ਕਰ ਕੇ ਲੋਕ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ। ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਦਿਨ ਸ਼ਹੀਦਾਂ ਨੂੰ ਇਹ ਹੀ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਲੈ ਕੇ ਨੌਜਵਾਨ ਪੀੜ੍ਹੀ ਆਪ ਲਾਮਬੰਦ ਹੋਵੇ ਤਾਂ ਹੀ ਅਸੀਂ ਆਪਣੇ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾ ਸਕਦੇ ਹਾਂ।
ਇਸ ਮੌਕੇ ਹਰਮਨਦੀਪ ਗਿੱਲ ਨੇ ਕਿਹਾ ਕਿ ਇਨਕਲਾਬੀ ਯੋਧਿਆਂ ਦਾ ਸਮਾਜਵਾਦ ਦੀ ਸਥਾਪਨਾ ਦਾ ਮਕਸਦ ਅਜੇ ਅਧੂਰਾ ਹੈ। ਹਕੂਮਤਾਂ, ਲੋਕਾਈ ਦੀ ਭਾਈਚਾਰਕ ਸਾਂਝ ‘ਚ ਤਰੇੜਾਂ ਪਾ ਮਰਜ਼ੀ ਦੇ ਰਾਸ਼ਟਰ ਦਾ ਨਿਰਮਾਣ ਕਰਨ ਦੇ ਸੁਫ਼ਨੇ ਪਾਲੀ ਬੈਠੀਆਂ ਹਨ।
ਆਸਟ੍ਰੇਲੀਅਨ ਲੇਖਕ ਸਭਾ ਬ੍ਰਿਸਬੇਨ ਦੇ ਪ੍ਰਧਾਨ ਜਸਵੰਤ ਵਾਗਲਾ ਨੇ ਕਿਹਾ ਕਿ ਜਿਸ ਦੇਸ਼ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਦੀ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਨੇ ਜੋ ਸੁਫਨੇ ਦੇਖੇ ਸਨ, ਉਹ ਅੱਜ ਵੀ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਕਈ ਮੁਸੀਬਤਾਂ ਨਾਲ ਘਿਰਿਆ ਹੋਇਆ ਹੈ ਅਤੇ ਲੋਕ ਰੋਜ਼ੀ-ਰੋਟੀ ਲਈ ਵੀ ਬੇਵੱਸ ਹੋਏ ਪਏ ਹਨ।
ਗੁਰਵਿੰਦਰ ਰੰਧਾਵਾ ਮੁਤਾਬਕ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸਾਂਝੇ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਰੇਡੀਓ ਦੇ ਪੰਜਾਬੀ ਭਾਸ਼ਾ ਗਰੁੱਪ ਦੇ ਕਨਵੀਨਰ ਹਰਜੀਤ ਲਸਾੜਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਸ਼ਹੀਦਾਂ ਦੀ ਯਾਦ ਲੋਕਾਂ ਦੇ ਦਿਲਾਂ ਅੰਦਰ ਤਾਜਾ ਰਹਿੰਦੀ ਹੈ ਅਤੇ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਇਸ ਮੌਕੇ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਯੋਧਿਆਂ ਦੇ ਜੀਵਨਾਂ ਬਾਰੇ ਜਾਣਕਾਰੀ ਦੇਣ ਤਾਂ ਕਿ ਸਾਡੇ ਬੱਚੇ ਆਪਣੇ ਵਿਰਸੇ ਨਾਲ ਜੁੜ ਕੇ ਸ਼ਹੀਦਾ ਵੱਲੋਂ ਦਿਖਾਏ ਰਸਤੇ 'ਤੇ ਚੱਲ ਕੇ ਸੇਧ ਲੈ ਸਕਣ। ਸਮਾਗਮ ਦੌਰਾਨ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ ਵੱਲੋਂ ਗੀਤਕਾਰ ਸੁਰਜੀਤ ਸੰਧੂ ਦਾ ਉਨ੍ਹਾਂ ਵੱਲੋਂ ਮਾਂ-ਬੋਲੀ ਅਤੇ ਪੰਜਾਬੀ ਬਾਲ ਸਾਹਿਤ ਲਈ ਪਾਏ ਯੋਗਦਾਨ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤਾਂ ਇਲਾਵਾ ਦਲਜੀਤ ਸਿੰਘ, ਜਸਵੰਤ ਵਾਗਲਾ, ਜਗਜੀਤ ਖੋਸਾ, ਹਰਮਨਦੀਪ ਗਿੱਲ, ਗੁਰਵਿੰਦਰ ਰੰਧਾਵਾ, ਸੁਰਜੀਤ ਸੰਧੂ, ਹਰਜੀਤ ਲਸਾੜਾ ਵੱਲੋਂ ਕ੍ਰਾਂਤੀਕਾਰੀ ਨਜ਼ਮਾਂ ਪੜ੍ਹੀਆਂ ਗਈਆਂ।