ਬ੍ਰਿਸਬੇਨ ''ਚ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਅਫ਼ਜਲ ਸਾਹਿਰ ਦਾ ਰੂ-ਬ-ਰੂ ਆਯੋਜਿਤ

11/14/2018 10:02:11 AM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਰੇਡਿਓ ਹਾਂਜੀ ਅਤੇ ਮਾਝਾ ਗਰੁੱਪ ਵੱਲੋਂ ਸਾਂਝੇ ਉੱਦਮ ਤਹਿਤ ਆਸਟ੍ਰੇਲੀਆ ਦੌਰੇ 'ਤੇ ਲਹਿੰਦੇ ਪੰਜਾਬ (ਪਾਕਿਸਤਾਨ) ਤੋਂ ਆਏ ਪ੍ਰਸਿੱਧ ਪੰਜਾਬੀ ਸ਼ਾਇਰ ਅਤੇ ਰੇਡੀਓ ਪੇਸ਼ਕਰਤਾ ਅਫਜ਼ਲ ਸਾਹਿਰ ਲਈ ਰੂ-ਬ-ਰੂ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੀ ਜਾਣਕਾਰੀ ਦਿੰਦਿਆਂ ਰਣਯੋਧ ਸਿੰਘ ਅਤੇ ਜਰਮਨ ਸਿੰਘ ਨੇ ਦੱਸਿਆ ਕਿ ਇਹ ਸਾਹਿਤਕ ਬੈਠਕ ਆਰ. ਐੱਸ. ਐੱਲ. ਕਲੱਬ ਸੰਨੀਬੈਂਕ ਵਿਖੇ ਆਯੋਜਿਤ ਕੀਤੀ ਗਈ।


ਇਸ 'ਚ ਭਾਰਤੀ ਅਤੇ ਪਾਕਿਸਤਾਨੀ ਭਾਈਚਾਰੇ ਤੋਂ ਆਏ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਹਾਜ਼ਰੀ ਭਰੀ। ਇਸ ਬੈਠਕ 'ਚ ਚੜ੍ਹਦੇ ਅਤੇ ਲਹਿੰਦੇ ਪੰਜਾਬ 'ਚ ਮਾਂ-ਬੋਲੀ ਪੰਜਾਬੀ ਦੀ ਮੌਜੂਦਾ ਸਥਿਤੀ, ਸਰਕਾਰੀ ਉਦਾਸੀਨਤਾ ਅਤੇ ਪੰਜਾਬੀ ਭਾਸ਼ਾ ਦੇ ਭਵਿੱਖੀ ਪਸਾਰੇ 'ਤੇ ਖੁੱਲ੍ਹ ਕੇ ਤਕਰੀਰਾਂ ਹੋਈਆਂ। ਇਸ ਮੌਕੇ ਸ਼ਾਇਰ ਅਫਜ਼ਲ ਸਾਹਿਰ ਨੇ ਆਪਣੀ ਕਾਵਿਕ ਭਾਵਨਾਵਾਂ ਦੀ ਰਵਾਨਗੀ ਨਾਲ ਪੰਜਾਬੀਅਤ ਦੀ ਬਾਤ ਪਾਉਂਦੇ ਹੋਏ ਭਾਸ਼ਾ, ਸਿਹਤ ਤੇ ਸਮਾਜਿਕ ਸਰੋਕਾਰਾਂ 'ਤੇ ਉਸਾਰੂ ਢੰਗ ਨਾਲ ਚਿੰਤਨ ਕੀਤਾ।


ਉਨ੍ਹਾਂ ਕਿਹਾ ਕਿ 1947  'ਚ ਸਰਹੱਦਾਂ 'ਤੇ ਜੋ ਲਕੀਰ ਖਿੱਚੀ ਗਈ ਹੈ, ਉਹ ਸਮਾਜਕ, ਸਾਹਿਤਕ, ਧਾਰਮਿਕ ਅਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ ਪੁਰਾਤਨ ਪਾਕ ਮੁਹੱਬਤ ਅਤੇ ਸਾਂਝ ਨੂੰ ਕਦੇ ਵੀ ਵੰਡ ਨਹੀਂ ਸਕੀ ਸਗੋਂ ਹੁਣ ਮਾਂ-ਬੋਲੀ ਪੰਜਾਬੀ ਦਾ ਸ਼ਮਲਾ ਸੱਤ ਸਮੁੰਦਰਾਂ ਵਿੱਚ ਲਹਿਰਾ ਰਿਹਾ ਹੈ।ਜ਼ਿਕਰਯੋਗ ਹੈ ਕਿ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਵੀ ਇੱਕ ਵੱਖਰੇ ਸਮਾਗਮ 'ਚ ਅਦੀਬ ਅਫਜ਼ਲ ਸਾਹਿਰ ਦਾ ਸਨਮਾਨ ਕੀਤਾ ਗਿਆ। ਇਸ ਸਾਹਿਤਕ ਬੈਠਕ 'ਚ ਹੋਰਨਾਂ ਤੋਂ ਇਲਾਵਾ ਰਣਯੋਧ ਸਿੰਘ, ਜਰਮਨ ਸਿੰਘ, ਨਵਦੀਪ ਸਿੰਘ (ਗ੍ਰੀਨ ਪਾਰਟੀ), ਰਛਪਾਲ ਹੇਅਰ, ਹੈਪੀ ਗਿੱਲ, ਨਗਿੰਦਰ ਸਿੰਘ, ਹਰਜੀਵਨ ਨਿੱਝਰ, ਬਾਊ ਮੌਲਾ ਨੰਗਲ, ਸੁਲਤਾਨ ਸ਼ੀਨਾ, ਗੁਰਿੰਦਰ ਗੁੱਲ, ਗੁਰਪ੍ਰੀਤ ਗਿੱਲ, ਦਲਜਿੰਦਰ ਸਿੰਘ, ਅਮਰ ਸੇਖੋਂ, ਗਗਨ, ਪਵਨ, ਹਰਿੰਦਰ, ਰਵੀ, ਬਲਰਾਜ, ਦਵਿੰਦਰ, ਜੱਗਾ, ਇੰਦਰਵੀਰ, ਜਤਿੰਦਰ, ਮਨਜੀਤ ਬੋਪਾਰਾਏ, ਪ੍ਰਣਾਮ ਹੇਅਰ, ਰਘਬੀਰ ਿਸੰਘ, ਸਰਬਜੀਤ ਸੋਹੀ ਅਤੇ ਗੁਰਸੇਵਕ ਸਿੰਘ ਆਦਿ ਅਦੀਬਾ ਨੇ ਸ਼ਿਰਕਤ ਕੀਤੀ।


Related News