ਪੰਜਾਬ ਦੇ ਦੋ ਵਿਅਕਤੀਆਂ ਦੀ ਫਰਾਂਸ ''ਚ ਦਿਲ ਦਾ ਦੌਰਾ ਪੈਣ ਕਾਰਨ ਮੌਤ, ਸੋਗ ''ਚ ਡੁੱਬੇ ਦੋਵੇਂ ਪਰਿਵਾਰ
Friday, May 17, 2024 - 01:29 PM (IST)
ਪੈਰਿਸ (ਭੱਟੀ) - ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਸੀਨੀਅਰ ਮੈਂਬਰ ਰਾਜੀਵ ਚੀਮਾ ਦੁਆਰਾ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਪਿੰਡ ਜਲਾਲਪੁਰ ਜਿਲ੍ਹਾ ਹੁਸ਼ਿਆਰਪੁਰ ਦੇ ਅਠੱਤਰ ਸਾਲਾ ਰਤਨ ਸਿੰਘ ਦੀ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਰਤਨ ਸਿੰਘ ਦੀ ਵੀਰਵਾਰ ਸੋਲਾਂ ਮਈ ਨੂੰ ਭਾਰਤ ਤੋਂ ਵਾਪਸ ਫਰਾਂਸ ਵਾਲੇ ਆਪਣੇ ਘਰ ਦਾ ਦਰਵਾਜਾ ਖੋਹਲਣ ਤੋਂ ਪਹਿਲਾਂ ਹੀ ਦਿਲ ਦੀ ਧੜਕਣ ਬੰਦ ਹੋ ਜਾਣ ਕਾਰਨ ਮੌਤ ਹੋ ਗਈ | ਰਤਨ ਸਿੰਘ ਨੂੰ ਅੱਠ ਮਹੀਨੇ ਭਾਰਤ ਬਿਤਾਉਣ ਤੋਂ ਬਾਅਦ, ਆਪਣੇ ਫਰਾਂਸ ਵਾਲੇ ਘਰ ਦਾ ਪਾਣੀ ਪੀਣਾ ਵੀ ਨਸੀਬ, ਨਹੀਂ ਹੋਇਆ | ਹੁਣ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸਦਾ ਸਸਕਾਰ ਫਰਾਂਸ ਵਿੱਚ ਹੀ ਕਰਨ ਦਾ ਫ਼ੈਸਲਾ ਕੀਤਾ ਹੈ |
ਦੂਜੇ ਪਾਸੇ ਵਰਿੰਦਰ ਸਿੰਘ ਪਿੰਡ ਮਾੜੀ ਟਾਂਡਾ ਜਿਲ੍ਹਾ ਗੁਰਦਾਸਪੁਰ ਦੇ ਬੱਤੀ ਸਾਲਾ ਪੰਜਾਬੀ ਨੌਜਵਾਨ ਦੀ ਮੌਤ ਵੀ ਦਿਲ ਦਾ ਦੌਰ ਪੈਣ ਕਾਰਨ ਹੋ ਗਈ ਹੈ । ਜ਼ਿਕਰਯੋਗ ਹੈ ਕਿ ਪੰਦਰਾਂ ਅਤੇ ਸੋਲਾਂ ਮਈ ਦੀ ਦਰਮਿਆਨੀ ਰਾਤ ਨੂੰ ਹਸਪਤਾਲ ਵਿਚ ਜੇਰੇ ਇਲਾਜ ਵਰਿੰਦਰ ਸਿੰਘ ਦੀ ਮੌਤ ਹੋ ਗਈ | ਇਸਦਾ ਸਸਕਾਰ ਵੀ ਸੰਸਥਾ ਔਰਰ ਡਾਨ ਦੀ ਸਹਾਇਤਾ ਸਦਕਾ ਫਰਾਂਸ ਵਿੱਚ ਹੀ ਹੋਵੇਗਾ |
ਸੰਸਥਾ ਦੇ ਮੈਂਬਰ ਰਾਜੀਵ ਚੀਮਾ ਨੇ ਬੜੇ ਦੁੱਖੀ ਹਿਰਦੇ ਨਾਲ ਕਿਹਾ ਕਿ ਦੋ ਹਜ਼ਾਰ ਚੌਵੀ ਦੇ ਇਸ ਸਾਲ ਵਿੱਚ ਫਰਾਂਸ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਾਢੇ ਚਾਰ ਮਹੀਨਿਆਂ ਦੇ ਥੋੜੇ ਜਿਹੇ ਵਕਫ਼ੇ ਵਿੱਚ ਹੀ 16 ਹੋ ਗਈ ਹੈ, ਜੋ ਕਿ ਬਹੁਤ ਹੀ ਨਿਰਾਸ਼ਾਜਨਕ ਹੈ | ਇਨ੍ਹਾਂ ਸੋਲਾਂ ਮਿਰਤਕਾਂ ਵਿੱਚੋਂ ਗਿਆਰਾਂ ਮਿਰਤਕਾਂ ਦੀ ਮੌਤ ਦਾ ਕਾਰਨ ਦਿੱਲ ਦੀ ਧੜਕਣ ਬੰਦ ਹੋਣਾ ਪਾਇਆ ਗਿਆ ਹੈ ਜੋ ਕਿ ਸਮਝ ਤੋਂ ਬਾਹਰ ਦੀ ਗੱਲ ਹੈ |