ਕੈਨੇਡਾ : ਕਾਰ ''ਚੋਂ ਮ੍ਰਿਤਕ ਮਿਲਿਆ 3 ਸਾਲਾ ਮੁੰਡਾ, ਜਾਂਚ ''ਚ ਜੁੱਟੀ ਪੁਲਸ

05/24/2018 12:57:34 PM

ਬਰਲਿੰਗਟਨ— ਕੈਨੇਡਾ ਦੇ ਸ਼ਹਿਰ ਬਰਲਿੰਗਟਨ 'ਚ ਬੁੱਧਵਾਰ ਦੀ ਸ਼ਾਮ ਨੂੰ ਪੁਲਸ ਨੂੰ ਇਕ ਕਾਰ 'ਚੋਂ 3 ਸਾਲਾ ਮੁੰਡਾ ਮ੍ਰਿਤਕ ਮਿਲਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਨੌਰਥ ਸਰਵਿਸ ਰੋਡ ਨੇੜੇ ਹਾਈਵੇਅ-407, ਕਰਾਸਰੋਡਸ ਕ੍ਰਿਸ਼ਚੀਅਨ ਕਮਿਊਨੀਕੇਸ਼ਨਜ਼ ਸੈਂਟਰ ਦੇ ਪਾਰਕਿੰਗ ਏਰੀਏ 'ਚੋਂ ਤਕਰੀਬਨ 5.30 ਵਜੇ ਫੋਨ 'ਤੇ ਪੁਲਸ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਪੁੱਜੇ ਐਮਰਜੈਂਸੀ ਅਤੇ ਪੈਰਾ-ਮੈਡੀਕਲ ਅਧਿਕਾਰੀਆਂ ਨੇ ਮੁੰਡੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੋਰੈਂਸਿਕ ਅਧਿਕਾਰੀਆਂ ਨੂੰ ਮਦਦ ਲਈ ਬੁਲਾਇਆ ਹੈ। ਪੁਲਸ ਤੁਰੰਤ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕੀ ਕਿ ਮੁੰਡੇ ਦੀ ਮੌਤ ਕਿਵੇਂ ਹੋਈ।

PunjabKesari
ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਮੁੰਡਾ ਕਿੰਨਾ ਸਮਾਂ ਕਾਰ 'ਚ ਰਿਹਾ। ਮੰਨਿਆ ਜਾ ਰਿਹਾ ਹੈ ਕਿ ਤਾਪਮਾਨ ਵਧ ਹੋਣ ਕਾਰਨ ਕਾਰ ਗਰਮ ਹੋ ਗਈ ਅਤੇ ਸਾਹ ਘੁੱਟਣ ਕਾਰਨ ਮੁੰਡੇ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਜਿਸ ਸਮੇਂ ਘਟਨਾ ਦੀ ਸੂਚਨਾ ਮਿਲੀ, ਉਸ ਸਮੇਂ 26 ਡਿਗਰੀ ਸੈਲਸੀਅਸ ਤਾਪਮਾਨ ਸੀ। ਪੁਲਸ ਨੇ ਇਸ ਘਟਨਾ ਦੇ ਸੰਬੰਧ 'ਚ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ। ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਾਰ 'ਚ ਬੱਚਾ ਕੌਣ ਛੱਡ ਗਿਆ ਅਤੇ ਕਿਉਂ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟੀ ਹੋਈ ਹੈ।


Related News