ਰਿਪੋਰਟ ''ਚ ਖੁਲਾਸਾ, ਪਾਇਲਟ ਨੂੰ ਪਹਿਲਾਂ ਹੀ ਪਤਾ ਲੱਗ ਗਈ ਸੀ ਬੋਇੰਗ 737 ਮੈਕਸ ਦੀ ਖਾਮੀ

10/20/2019 2:08:27 PM

ਵਾਸ਼ਿੰਗਟਨ— ਬੋਇੰਗ ਮੈਕਸ ਜੈੱਟ ਜਹਾਜ਼ ਦੀਆਂ ਖਾਮੀਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਅਮਰੀਕਾ ਦੇ ਸੰਘੀ ਜਾਂਚਕਰਤਾਵਾਂ ਵਲੋਂ ਜਾਰੀ ਦਸਤਾਵੇਜ਼ਾਂ ਮੁਤਾਬਕ ਬੋਇੰਗ ਪਾਇਲਟ ਨੇ ਸਾਲ 2016 'ਚ ਹੀ ਬੋਇੰਗ 737 ਮੈਕਸ ਜੈੱਟ ਦੀਆਂ ਕੁਝ ਪ੍ਰਣਾਲੀਆਂ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਸੀ।

ਰਿਪੋਰਟਾਂ ਮੁਤਾਬਕ ਬੋਇੰਗ ਪਾਇਲਟ ਤਿੰਨ ਸਾਲ ਪਹਿਲਾਂ ਹੀ 737 ਮੈਕਸ ਜਹਾਜ਼ ਦੀਆਂ ਗੰਭੀਰ ਖਾਸੀਆਂ ਤੋਂ ਜਾਣੂ ਸਨ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉਹ ਕਿਹੜੀਆਂ ਖਾਮੀਆਂ ਸਨ? ਬੋਇੰਗ ਨੇ ਵੀਰਵਾਰ ਨੂੰ ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੂੰ ਜਾਂਚ ਸਬੰਧੀ ਜਾਣਕਾਰੀ ਸੌਂਪੀ। ਇਸ 'ਚ ਕਿਹਾ ਗਿਆ ਹੈ ਕਿ ਕੰਪਨੀ ਨੇ ਕੁਝ ਮਹੀਨੇ ਪਹਿਲਾਂ ਹੀ ਪਾਇਲਟ ਤੇ ਉਸ ਦੇ ਸਹਿ-ਕਰਮਚਾਰੀਆਂ ਦੇ ਵਿਚਾਲੇ ਹੋਈ ਗੱਲਬਾਤ ਦੀ ਪਛਾਣ ਕੀਤੀ ਸੀ। ਇਹ ਖੁਲਾਸੇ ਬੋਇੰਗ ਦੇ ਲਈ ਕਾਫੀ ਮਹੱਤਵਪੂਰਨ ਹਨ, ਜਿਸ 'ਚ 737 ਮੈਕਸ ਜੈੱਟ ਜਹਾਜ਼ਾਂ ਦਾ ਪਰਿਚਾਲਣ ਰੋਕ ਦਿੱਤਾ ਗਿਆ ਸੀ।

ਇਹ ਖੁਲਾਸਾ ਬੋਇੰਗ ਸ਼ੇਅਰਧਾਰਕਾਂ ਲਈ ਇਕ ਸਦਮੇ ਦੀ ਤਰ੍ਹਾਂ ਹੈ ਕਿਉਂਕਿ ਸ਼ੇਅਰਧਾਰਕਾਂ ਨੂੰ ਭਰੋਸਾ ਸੀ ਕਿ 737 ਮੈਕਸ ਦੁਬਾਰਾ ਪਰਿਚਾਲਨ 'ਚ ਵਾਪਸੀ ਕਰ ਸਕਦੇ ਹਨ। ਉਡਾਣ 'ਚ ਪਾਬੰਦੀਆਂ ਤੋਂ ਬਾਅਦ ਤੋਂ ਬੋਇੰਗ ਦਾ ਸਟਾਕ 9 ਫੀਸਦੀ ਡਿੱਗ ਗਿਆ ਹੈ। ਦੱਸ ਦਈਏ ਕਿ ਇਸ ਸਾਲ ਮਾਰਚ 'ਚ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ 'ਚ ਕੈਨੀਆ ਦੀ ਰਾਜਧਾਨੀ ਨੈਰੋਬੀ ਦੇ ਲਈ ਉਡਾਨ ਭਰਨ ਤੋਂ ਕੁਝ ਦੇਰ ਬਾਅਦ ਬੋਇੰਗ 737 ਮੈਕਸ-8 ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 157 ਯਾਤਰੀਆਂ ਦੀ ਮੌਤ ਹੋ ਗਈ ਸੀ।

ਇਹ ਹੀ ਨਹੀਂ ਅਕਤੂਬਰ 2018 'ਚ ਲਾਇਨ ਏਅਰਲਾਈਨਸ ਦਾ ਬੋਇੰਗ ਮੈਕਸ ਜਹਾਜ਼ ਵੀ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਇਸ ਦੌਰਾਨ 189 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਤੋਂ ਹੀ ਦੁਨੀਆ ਦੇ ਕਈ ਦੇਸ਼ਾਂ ਨੇ ਬੋਇੰਗ ਜਹਾਜ਼ ਦੀ ਉਡਾਣ 'ਤੇ ਪਾਬੰਦੀ ਲਗਾ ਦਿੱਤੀ ਸੀ।


Baljit Singh

Content Editor

Related News