ਬੈਂਕਾਕ ਏਅਰਪੋਰਟ ਨੇੜੇ ਫੈਕਟਰੀ ’ਚ ਜ਼ਬਰਦਸਤ ਧਮਾਕਾ, ਮਚੀ ਹਫੜਾ-ਦਫੜੀ
Monday, Jul 05, 2021 - 12:04 PM (IST)

ਇੰਟਰਨੈਸ਼ਨਲ ਡੈਸਕ : ਬੈਂਕਾਕ ਦੇ ਬਾਹਰੀ ਇਲਾਕੇ ’ਚ ਸੋਮਵਾਰ ਸਵੇਰੇ ਇਕ ਫੈਕਟਰੀ ’ਚ ਹੋਏ ਜ਼ਬਰਦਸਤ ਧਮਾਕੇ ਨਾਲ ਥਾਈਲੈਂਡ ਦੀ ਰਾਜਧਾਨੀ ਸਥਿਤ ਹਵਾਈ ਅੱਡੇ ਦੇ ਇਕ ਟਰਮੀਨਲ ’ਤੇ ਹਫੜਾ-ਦਫੜੀ ਮਚ ਗਈ। ਉਸ ਖੇਤਰ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਬੈਂਕਾਕ ਦੇ ਦੱਖਣੀ-ਪੂਰਬੀ ਇਲਾਕੇ ’ਚ ਸੁਵਰਣਭੂਮੀ ਹਵਾਈ ਅੱਡੇ ਕੋਲ ‘ਫੋਮ ਅਤੇ ਪਲਾਸਟਿਕ ਪੈਲੇਟ’ ਬਣਾਉਣ ਵਾਲੀ ਫੈਕਟਰੀ ’ਚ ਸਵੇਰੇ-ਸਵੇਰੇ ਅੱਗ ਲੱਗ ਗਈ ਸੀ, ਜਿਸ ਤੋਂ ਬਾਅਦ ਜ਼ਬਰਦਸਤ ਧਮਾਕਾ ਹੋਇਆ। ਤਸਵੀਰਾਂ ਤੇ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਘਰਾਂ ਦੀਆਂ ਖਿੜਕੀਆਂ ਤੇ ਕੱਚ ਟੁੱਟ ਗਏ ਹਨ ਤੇ ਸੜਕਾਂ ’ਤੇ ਮਲਬਾ ਖਿੱਲਰਿਆ ਪਿਆ ਹੈ। ਕਈ ਘੰਟਿਆਂ ਬਾਅਦ ਵੀ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ ਕਈ ਹਜ਼ਾਰ ਲੀਟਰ ਰਸਾਇਣ ਲੀਕ ਹੋਣ ਕਾਰਨ ਤੇ ਵਿਸਫੋਟ ਹੋਣ ਦੇ ਖਦਸ਼ੇ ਦੇ ਚਲਦਿਆਂ ਨੇੜੇ-ਤੇੜੇ ਦੇ ਇਲਾਕਿਆਂ ਤੋਂ ਲੋਕਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਹੈ।
ਹਵਾਈ ਅੱਡੇ ’ਤੇ ‘ਅਲਰਟ’ ਐਲਾਨਿਆ
ਬੈਂਗ ਫ਼ਲੀ ਇਲਾਕੇ ’ਚ ਅੱਗ ਲੱਗਣ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਾ ਹੈ। ਇਸ ਦੌਰਾਨ 11 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਥਾਨਕ ਮੀਡੀਆ ਨੇ ਦੱਸਿਆ ਕਿ ਸ਼ੁਰੂਆਤੀ ਵਿਸਫੋਟ ਨੇ ਸੁਵਰਣਭੂਮੀ ’ਚ ਟਰਮੀਨਲ ਭਵਨ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਬੈਂਕਾਕ ਦੇ ਮੁੱਖ ਅੰਤਰਰਾਸ਼ਟਰੀ ਹਵਾਈ ’ਤੇ ਉਤੇ ‘ਅਲਰਟ’ ਐਲਾਨ ਦਿੱਤਾ ਗਿਆ। ਹਵਾਈ ਅੱਡਾ ਅਧਿਕਾਰੀਆਂ ਨੇ ਦੱਸਿਆ ਕਿ ਕੋਈ ਉਡਾਣ ਸੇਵਾ ਰੱਦ ਨਹੀਂ ਕੀਤੀ ਗਈ। ਹਾਲਾਂਕਿ ਇਸ ਸਬੰਧ ’ਚ ਕੋਈ ਵਿਸਥਾਰਪੂਰਵਕ ਜਾਣਕਾਰੀ ਉਨ੍ਹਾਂ ਨੇ ਨਹੀਂ ਦਿੱਤੀ।