ਮੇਰੀਆਂ ਧੀਆਂ ਨੇ ਬਲੈਕ ਲਾਈਵਸ ਮੈਟਰ ਪ੍ਰਦਰਸ਼ਨ ’ਚ ਲਿਆ ਸੀ ਹਿੱਸਾ: ਬਰਾਕ ਓਬਾਮਾ
Tuesday, Jun 08, 2021 - 06:23 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਧੀਆਂ ਨੇ ਪਿਛਲੇ ਸਾਲ ਅਫਰੀਕੀ-ਅਮਰੀਕੀ ਨਾਗਰਿਕ ਜੋਰਜ ਫਲਾਇਡ ਦੇ ਕਤਲ ਦੇ ਵਿਰੋਧ ਵਿਚ ਹੋਏ ਬਲੈਕ ਲਾਈਵਸ ਮੈਟਰ (ਬੀ.ਐਲ.ਐਮ.) ਪ੍ਰਦਰਸ਼ਨ ਵਿਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਦੇ ਨੈਤਿਕ ਮੁੱਲਾਂ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ। ਸ਼੍ਰੀ ਓਬਾਮਾ ਨੇ ਸੀ.ਐਨ.ਐਲ. ਨੂੰ ਦਿੱਤੇ ਇੰਟਰਵਿਊ ਵਿਚ ਇਹ ਗੱਲ ਦੱਸੀ।
ਸੋਮਵਾਰ ਨੂੰ ਪ੍ਰਸਾਰਿਤ ਇੰਟਰਵਿਊ ਵਿਚ ਉਨ੍ਹਾਂ ਕਿਹਾ, ‘ਮੈਂ ਹਮੇਸ਼ਾ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਦਾ ਹਾਂ ਅਤੇ ਇਹ ਪਿਤਾ ਹੋਣ ਦੇ ਨਾਤੇ ਸੁਭਾਵਿਕ ਹੈ ਪਰ ਦੇਸ਼ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੀ ਭੂਮਿਕਾ ਵਿਚ ਕੀ ਸੀ ਅਤੇ ਕੀ ਗਲਤ ਹੈ, ਇਸ ਲਈ ਚਿੰਤਤ ਨਹੀਂ ਰਹਿੰਦਾ।’ ਉਨ੍ਹਾਂ ਕਿਹਾ, ‘ਮੈਂ ਇਸ ਬਾਰੇ ਵਿਚ ਵੀ ਬਹੁਤ ਰਣਨੀਤਕ ਹੋਣ ਲੱਗਾ ਹਾਂ ਕਿ ਸਿਸਟਮ ਨੂੰ ਕਿਵੇਂ ਜੋੜਿਆ ਜਾਏ ਅਤੇ ਇਸ ਵਿਚ ਕਿਵੇਂ ਬਦਲਾਅ ਕੀਤਾ ਜਾਏ। ਮੈਂ ਸਿਰਫ਼ ਰੌਲਾ ਪਾਉਣ ਵਿਚ ਦਿਲਚਸਪੀ ਨਹੀਂ ਰੱਖਦਾ ਹਾਂ, ਸਗੋਂ ਕੀ ਕੰਮ ਕਰਦਾ ਹਾਂ, ਇਸ ਵਿਚ ਰੂਚੀ ਰੱਖਦਾ ਹਾਂ।’
ਜ਼ਿਕਰਯੋਗ ਹੈ ਕਿ ਪਿਛਲੇ ਸਾਲ 25 ਮਈ ਨੂੰ ਮਿਨੀਆਪੋਲਿਸ ਪੁਲਸ ਦੀ ਹਿਰਾਸਤ ਵਿਚ ਜੋਰਜ ਫਲਾਇਡ ਦੀ ਮੌਤ ਦੇ ਬਾਅਦ ਅਮਰੀਕਾ ਅਤੇ ਦੁਨੀਆ ਭਰ ਦੇ ਕਈ ਹੋਰ ਦੇਸ਼ਾਂ ਵਿਚ ਪੁਲਸ ਦੀ ਬੇਰਹਿਮੀ, ਸਮਾਜਕ ਬੇਇਨਸਾਫ਼ੀ ਅਤੇ ਨਸਲਵਾਦ ਖ਼ਿਲਾਫ਼ ਵਿਆਪਕ ਵਿਰੋਧ ਪ੍ਰਦਰਸ਼ਨ ਹੋਏ ਸਨ।