ਇਟਲੀ: ਇਜੋਲੇਲੋ ਵਿਖੇ 1 ਫਰਵਰੀ ਨੂੰ ਮਨਾਇਆ ਜਾਵੇਗਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ
Thursday, Jan 29, 2026 - 05:34 PM (IST)
ਕਰੇਮੋਨਾ/ਇਟਲੀ (ਟੇਕ ਚੰਦ ਜਗਤਪੁਰ) : ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਆਗਮਨ ਪੁਰਬ ਇਟਲੀ ਦੇ ਜ਼ਿਲ੍ਹਾ ਕਰੇਮੋਨਾ ਵਿੱਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਜੋਲੇਲੋ (ਕਾਪੈਲਾ ਪਿਚਨਾਰਦੀ) ਸਥਿਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਵਿਖੇ 1 ਫਰਵਰੀ, ਦਿਨ ਐਤਵਾਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਏ ਜਾਣਗੇ।
ਸਮਾਗਮ ਦੀ ਰੂਪ-ਰੇਖਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਰਜਿੰਦਰਪਾਲ ਰੰਧਾਵਾ ਨੇ ਸਮਾਗਮ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 1 ਫਰਵਰੀ ਨੂੰ ਭੋਗ ਪਾਏ ਜਾਣਗੇ, ਜਿਸ ਤੋਂ ਬਾਅਦ ਵਿਸ਼ੇਸ਼ ਧਾਰਮਿਕ ਦੀਵਾਨ ਸਜਣਗੇ। ਇਸ ਦੌਰਾਨ ਭਾਈ ਜਗਜੀਤ ਸਿੰਘ ਅਲਵਰ ਵਾਲਿਆਂ ਦਾ ਕੀਰਤਨੀ ਜਥਾ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਗੁਰੂ-ਜਸ ਸਰਵਣ ਕਰਵਾ ਕੇ ਨਿਹਾਲ ਕਰੇਗਾ।
ਸੰਗਤਾਂ ਨੂੰ ਖੁੱਲ੍ਹਾ ਸੱਦਾ
ਪ੍ਰਧਾਨ ਰਜਿੰਦਰ ਰੰਧਾਵਾ ਅਤੇ ਕਮੇਟੀ ਮੈਂਬਰਾਂ ਨੇ ਸਮੂਹ ਇਟਲੀ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਗੁਰਪੁਰਬ ਸਮਾਗਮਾਂ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੌਕੇ ਉਨ੍ਹਾਂ ਨਾਲ ਬਿੱਟੂ ਮੱਲ, ਵਾਇਸ ਪ੍ਰਧਾਨ ਜਸਪਾਲ ਮੈਂਗੜੇ, ਉਂਕਾਰ, ਪ੍ਰੀਤਮ ਸਿੰਘ, ਬਲਵੀਰ ਸਿੰਘ, ਹਰਬੰਸ ਲਾਲ, ਬਲਵਿੰਦਰ ਮੈਂਗੜੇ, ਬਖਸ਼ੀਸ਼ ਹੀਰਾ, ਬਲਜਿੰਦਰ ਕੁਮਾਰ ਅਤੇ ਜਸਬੀਰ ਮੈਂਗੜੇ ਸਮੇਤ ਕਈ ਆਗੂ ਹਾਜ਼ਰ ਸਨ।
