ਬਾਈਡੇਨ ਨੇ ਇਕ ਵਾਰ ਮੁੜ ਏਰਿਕ ਗਾਰਸੇਟੀ ਨੂੰ ਭਾਰਤ ’ਚ ਅਗਲੇ ਰਾਜਦੂਤ ਵਜੋਂ ਕੀਤਾ ਨਾਮਜ਼ਦ
Wednesday, Jan 04, 2023 - 04:11 PM (IST)
ਵਾਸ਼ਿੰਗਟਨ (ਭਾਸ਼ਾ)– ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਇਕ ਵਾਰ ਮੁੜ ਏਰਿਕ ਗਾਰਸੇਟੀ ਨੂੰ ਭਾਰਤ ’ਚ ਅਗਲੇ ਰਾਜਦੂਤ ਵਜੋਂ ਨਾਮਜ਼ਦ ਕੀਤਾ ਹੈ। ਵ੍ਹਾਈਟ ਹਾਊਸ ਨੇ ਭਰੋਸਾ ਜਤਾਇਆ ਹੈ ਕਿ ਇਸ ਵਾਰ ਅਮਰੀਕੀ ਸੈਨੇਟ ਵਲੋਂ ਉਨ੍ਹਾਂ ਦੇ ਨਾਂ ਦੀ ਪੁਸ਼ਟੀ ਕੀਤੀ ਜਾਵੇਗੀ। ਗਾਰਸੇਟੀ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦਾ ਕਰੀਬੀ ਮੰਨਿਆ ਜਾਂਦਾ ਹੈ। ਉਹ 2013 ਤੋਂ ਲਾਸ ਏਂਜਲਸ ਦੇ ਮੇਅਰ ਹਨ।
ਵ੍ਹਾਈਟ ਹਾਊਸ ਨੇ ਉਨ੍ਹਾਂ ਦਾ ਨਾਂ ਸੈਨੇਟ ਨੂੰ ਭੇਜਣ ਤੋਂ ਬਾਅਦ ਇਕ ਬਿਆਨ ’ਚ ਕਿਹਾ, ‘‘ਕੈਲੀਫੋਰਨੀਆ ਦੇ ਏਰਿਕ ਐੱਮ. ਗਾਰਸੇਟੀ ਭਾਰਤ ’ਚ ਅਮਰੀਕੀ ਰਾਜਦੂਤ ਬਣਨ ਦੇ ਯੋਗ ਹਨ।’’ ਵ੍ਹਾਈਟ ਹਾਊਸ ਨੇ ਉਨ੍ਹਾਂ ਨੂੰ ਮੁੜ ਨਾਮਜ਼ਦ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਆਪਣੀ ਰੋਜ਼ਾਨਾ ਪ੍ਰੈੱਸ ਕਾਨਫਰੰਸ ’ਚ ਕਿਹਾ, ‘‘ਜਿਵੇਂ ਕਿ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਹਾਲ ਹੀ ’ਚ ਕਿਹਾ ਸੀ, ਭਾਰਤ ਨਾਲ ਸਾਡਾ ਰਿਸ਼ਤਾ ਮਹੱਤਵਪੂਰਨ ਹੈ।’’
ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ : ਕਾਰ ਅਤੇ ute ਦੀ ਜ਼ਬਰਦਸਤ ਟੱਕਰ, ਚਾਰ ਲੋਕਾਂ ਦੀ ਮੌਤ
ਉਨ੍ਹਾਂ ਕਿਹਾ ਕਿ ਮੇਅਰ ਗਾਰਸੇਟੀ ਦੇ ਨਾਂ ਨੂੰ ਪਹਿਲਾਂ ਮਨਜ਼ੂਰੀ ਨਹੀਂ ਦਿੱਤੀ ਗਈ ਸੀ ਪਰ ਉਨ੍ਹਾਂ ਨੂੰ ਦੋਵਾਂ ਪਾਰਟੀਆਂ ਦਾ ਸਮਰਥਨ ਹਾਸਲ ਹੈ। ਜੀਨ-ਪੀਅਰੇ ਨੇ ਕਿਹਾ, ‘‘ਉਹ ਇਸ ਮਹੱਤਵਪੂਰਨ ਅਹੁਦੇ ’ਤੇ ਸੇਵਾ ਕਰਨ ਲਈ ਪੂਰੀ ਤਰ੍ਹਾਂ ਯੋਗ ਹੈ।’’ ਮੇਅਰ ਗਾਰਸੇਟੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਸੈਨੇਟ ਉਨ੍ਹਾਂ ਦੇ ਨਾਮ ਦੀ ਤੁਰੰਤ ਪੁਸ਼ਟੀ ਕਰੇਗੀ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਗਾਰਸੇਟੀ ਨੂੰ ਜੁਲਾਈ, 2021 ’ਚ ਭਾਰਤ ’ਚ ਅਗਲੇ ਰਾਜਦੂਤ ਵਜੋਂ ਨਾਮਜ਼ਦ ਕੀਤਾ ਸੀ। ਅੰਦਰੂਨੀ ਜਾਂਚ ਦੌਰਾਨ ਗਾਰਸੇਟੀ ਦੇ ਨਾਂ ਦੀ ਪੁਸ਼ਟੀ ਨੂੰ ਰੋਕਿਆ ਗਿਆ ਸੀ।
ਗਾਰਸੇਟੀ ਦੇ ਦਫਤਰ ਦੇ ਇਕ ਕਰਮਚਾਰੀ ’ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਦਾ ਦੋਸ਼ ਲਗਾਇਆ ਗਿਆ ਹੈ। ਕਾਂਗਰਸਮੈਨ ਚੱਕ ਗ੍ਰਾਸਲੇ ਦੇ ਦਫਤਰ ’ਚ ਜਾਂਚਕਰਤਾਵਾਂ ਨੇ ਇਹ ਦੇਖਿਆ ਕਿ ਗਾਰਸੇਟੀ ਨੂੰ ਸਿਟੀ ਹਾਲ ਤੇ ਇਸ ਦੇ ਆਲੇ-ਦੁਆਲੇ ਔਰਤਾਂ ਤੇ ਮਰਦਾਂ ਪ੍ਰਤੀ ਰਾਜਨੀਤਕ ਸਲਾਹਕਾਰ ਰਿਕ ਜੈਕਬਜ਼ ਦੇ ਅਣਉਚਿਤ ਵਿਵਹਾਰ ਬਾਰੇ ਕੀ ਪਤਾ ਸੀ। ਭਾਰਤ ’ਚ ਅਮਰੀਕੀ ਰਾਜਦੂਤ ਦਾ ਅਹੁਦਾ ਲਗਭਗ ਦੋ ਸਾਲਾਂ ਤੋਂ ਖਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।