ਕਮਾਲ ਦਾ ਤਰਕ ਦੇ ਕੇ ਜੱਜ ਨੇ ਸਾਈਕਲ ਚੋਰ ਨੂੰ ਸੁਣਾਈ 3 ਸਾਲ ਦੀ ਸਜ਼ਾ

Thursday, Feb 06, 2020 - 03:19 PM (IST)

ਕਮਾਲ ਦਾ ਤਰਕ ਦੇ ਕੇ ਜੱਜ ਨੇ ਸਾਈਕਲ ਚੋਰ ਨੂੰ ਸੁਣਾਈ 3 ਸਾਲ ਦੀ ਸਜ਼ਾ

ਬ੍ਰਸਲਸ- ਯੂਰਪੀ ਦੇਸ਼ ਬੈਲਜੀਅਮ, ਜਿਸ ਦੀ ਆਬਾਦੀ 1.14 ਕਰੋੜ ਹੈ, ਵਿਚ ਤਕਰੀਬਨ 90 ਫੀਸਦੀ ਲੋਕ ਸਾਈਕਲ ਦੀ ਵਰਤੋਂ ਕਰਦੇ ਹਨ ਤਾਂ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ ਤੇ ਫਿੱਟ ਰਿਹਾ ਜਾ ਸਕੇ। ਅਜਿਹੇ ਵਿਚ ਬੈਲਜੀਅਮ ਦੀ ਕੋਰਟ ਨੇ ਇਕ ਸਾਈਕਲ ਚੋਰ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਕੋਰਟ ਨੇ ਤਰਕ ਦਿੱਤਾ ਕਿ ਸਾਈਕਲ ਚੋਰੀ ਹੋਣ ਦੇ ਕਾਰਨ ਪੀੜਤ ਨੂੰ ਕਾਰ ਚਲਾਉਣੀ ਪਈ। ਜਿਸ ਨਾਲ ਧੂੰਆਂ ਨਿਕਲਿਆ ਤੇ ਵਾਤਾਵਰਣ ਪ੍ਰਦੂਸ਼ਿਤ ਹੋਇਆ।

ਕੋਰਟ ਨੇ ਇਸ ਸਜ਼ਾ ਨੂੰ 'ਇਕੋਲਾਜਿਕਲ ਕ੍ਰਾਈਮ' ਨਾਂ ਦਿੱਤਾ। ਅਸਲ ਵਿਚ ਬ੍ਰਸਲਸ ਵਿਚ 40 ਸਾਲਾ ਚੋਰ ਨੇ ਅਕਤੂਬਰ 2018 ਵਿਚ ਇਕ ਸਾਈਕਲ ਚੋਰੀ ਕੀਤੀ ਸੀ, ਜਿਸ ਦੇ ਖਿਲਾਫ ਪੀੜਤ ਨੇ ਸ਼ਿਕਾਇਤ ਦਰਜ ਕਰਵਾਈ ਸੀ। ਕੁਝ ਸਮੇਂ ਬਾਅਦ ਪੁਲਸ ਨੇ ਚੋਰ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਕੋਰਟ ਪਹੁੰਚਿਆ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਦੋਸ਼ੀ ਨੇ ਪ੍ਰਦੂਸ਼ਣ ਵਧਾਉਣ ਵਿਚ ਭੂਮਿਕਾ ਨਿਭਾਈ, ਜਿਸ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਇਸ ਲਈ ਉਸ ਨੂੰ ਜੇਲ ਵਿਚ ਤਿੰਨ ਸਾਲ ਬਿਤਾਉਣੇ ਪੈਣਗੇ। ਇੰਨਾਂ ਹੀ ਨਹੀਂ ਜੱਜ ਨੇ ਦੋਸ਼ੀ ਦਾ ਕੇਸ ਲੜਨ ਤੇ ਉਸ ਦਾ ਬਚਾਅ ਕਰਨ ਵਾਲੇ ਵਕੀਲ ਨੂੰ ਵੀ ਸਜ਼ਾ ਸੁਣਾਈ।

ਦੋਸ਼ੀ ਪਹਿਲਾਂ ਵੀ ਭੁਗਤ ਚੁੱਕੈ ਸਜ਼ਾ
ਸਥਾਨਕ ਮੀਡੀਆ ਮੁਤਾਬਕ ਸਾਈਕਲ ਚੋਰ 1995 ਤੋਂ 2019 ਦੇ ਵਿਚਾਲੇ 44 ਵਾਰ ਗ੍ਰਿਫਤਾਰ ਹੋ ਚੁੱਕਿਆ ਹੈ। ਨਾਲ ਹੀ ਇਹਨਾਂ ਮਾਮਲਿਆਂ ਵਿਚ 12 ਸਾਲ ਦੀ ਸਜ਼ਾ ਵੀ ਭੁਗਤ ਚੁੱਕਾ ਹੈ। ਇਸ ਦੇ ਬਾਵਜੂਦ ਉਸ ਨੇ ਸਾਈਕਲ ਚੋਰੀ ਕਰਨਾ ਨਹੀਂ ਛੱਡਿਆ। ਉਧਰ ਯੂਨੀਵਰਸਿਟੀ ਆਫ ਐਕਸੇਟਰ ਦੇ ਪ੍ਰੋਫੈਸਰ ਕੈਟਰਿਯੋਨਾ ਮੈਕਕਿਨੋਨ ਨੇ ਕਿਹਾ ਕਿ ਚੋਰ ਨੂੰ ਸਜ਼ਾ ਦੇਣਾ ਸਹੀ ਹੈ ਪਰ ਵਾਤਾਵਰਣ ਦਾ ਹਵਾਲਾ ਦੇਣਾ ਨਿਯਮ ਦੇ ਖਿਲਾਫ ਹੈ।


author

Baljit Singh

Content Editor

Related News