ਅਮਰੀਕੀ ਰਾਜਨੀਤੀ ''ਚ ਹਲਚਲ: ਟਰੰਪ ਨਾਲ ਝਗੜੇ ਮਗਰੋਂ ਮਾਰਜੋਰੀ ਟੇਲਰ ਗ੍ਰੀਨ ਨੇ ਛੱਡਿਆ MP ਦਾ ਅਹੁਦਾ
Saturday, Nov 22, 2025 - 12:34 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਬਕਾ ਸਹਿਯੋਗੀ ਅਤੇ ਜਾਰਜੀਆ ਤੋਂ ਪ੍ਰਤੀਨਿਧੀ ਸਭਾ (ਅਮਰੀਕੀ ਕਾਂਗਰਸ ਦਾ ਹੇਠਲਾ ਸਦਨ) ਦੀ ਮੈਂਬਰ ਮਾਰਜੋਰੀ ਟੇਲਰ ਗ੍ਰੀਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤੀ ਕਿ ਉਹ ਰਾਸ਼ਟਰਪਤੀ ਨਾਲ ਹੋਏ ਝਗੜੇ ਦੇ ਬਾਅਦ ਆਪਣੀ ਕਾਂਗਰਸ ਸੀਟ ਤੋਂ ਅਸਤੀਫ਼ਾ ਦੇ ਰਹੀ ਹੈ। ਗ੍ਰੀਨ ਜਨਵਰੀ 'ਚ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦੇਵੇਗੀ ਅਤੇ ਸੰਸਦ ਮੈਂਬਰ ਵਜੋਂ ਉਨ੍ਹਾਂ ਦਾ ਅੰਤਿਮ ਦਿਨ 5 ਜਨਵਰੀ 2026 ਹੋਵੇਗਾ। ਗ੍ਰੀਨ ਦੇ ਇਸ ਕਦਮ ਕਾਰਨ ਇਕ ਸਪੈਸ਼ਲ ਚੋਣ ਹੋਵੇਗੀ ਅਤੇ ਇਸ ਨਾਲ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਅੰਦਰ ਹੜਕੰਪ ਮਚ ਸਕਦਾ ਹੈ। ਅਮਰੀਕੀ ਕਾਂਗਰਸ 'ਚ ਕਿਸੇ ਸੀਟ ਨੂੰ ਕਿਸੇ ਗੈਰ-ਚੁਣੇ ਹੋਏ ਵਿਅਕਤੀ ਨਾਲ ਅਸਥਾਈ ਤੌਰ 'ਤੇ ਭਰਨ ਦਾ ਕੋਈ ਨਿਯਮ ਨਹੀਂ ਹੈ।
ਝਗੜੇ ਦੀ ਵਜ੍ਹਾ ਅਤੇ ਅਸਤੀਫ਼ੇ ਦੇ ਕਾਰਨ
ਹਾਲ ਹੀ ਦੇ ਮਹੀਨਿਆਂ 'ਚ ਅਮਰੀਕੀ ਰਾਸ਼ਟਰਪਤੀ ਅਤੇ ਗ੍ਰੀਨ ਵਿਚਕਾਰ ਜਨਤਕ ਵਿਵਾਦ ਹੋਇਆ ਸੀ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਗ੍ਰੀਨ ਨੇ ਵਿਦੇਸ਼ ਨੀਤੀ ਅਤੇ ਸਿਹਤ ਸੰਭਾਲ ਨੂੰ ਲੈ ਕੇ ਸ਼੍ਰੀ ਟਰੰਪ ਦੀ ਆਲੋਚਨਾ ਕੀਤੀ ਸੀ, ਨਾਲ ਹੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਨਾਲ ਜੁੜੀ ਫਾਈਲ 'ਤੇ ਟਰੰਪ ਦੇ ਰੁਖ਼ ਨੂੰ ਲੈ ਕੇ ਵੀ ਆਲੋਚਨਾ ਕੀਤੀ ਸੀ। ਇਸ ਦੇ ਜਵਾਬ 'ਚ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨ ਨੂੰ 'ਗੱਦਾਰ' ਅਤੇ 'ਸਨਕੀ' ਕਿਹਾ ਸੀ। ਟਰੰਪ ਨੇ ਇਹ ਵੀ ਕਿਹਾ ਸੀ ਕਿ ਜਦੋਂ ਗ੍ਰੀਨ ਅਗਲੇ ਸਾਲ ਮੁੜ ਚੋਣ ਲੜੇਗੀ ਤਾਂ ਉਹ ਉਨ੍ਹਾਂ ਦੇ ਵਿਰੁੱਧ ਖੜ੍ਹੇ ਹੋਣ ਵਾਲੇ ਵਿਰੋਧੀ ਦਾ ਸਮਰਥਨ ਕਰਨਗੇ।
ਗ੍ਰੀਨ ਨੇ ਸੋਸ਼ਲ ਮੀਡੀਆ ਐਕਸ (ਪਹਿਲਾਂ ਟਵਿੱਟਰ) ਪਲੇਟਫਾਰਮ 'ਤੇ ਇਕ ਬਿਆਨ 'ਚ ਅਸਤੀਫ਼ੇ ਦੀ ਐਲਾਨ ਕਰਦਿਆਂ ਕਿਹਾ ਕਿ ‘ਮੇਰੇ ਕੋਲ ਬਹੁਤ ਜ਼ਿਆਦਾ ਆਤਮ-ਸਨਮਾਨ ਅਤੇ ਗਰਿਮਾ ਹੈ’। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਨ੍ਹਾਂ ਦੇ ਪਿਆਰੇ ਜ਼ਿਲ੍ਹੇ ਨੂੰ ਉਨ੍ਹਾਂ ਦੇ ਖਿਲਾਫ ਇਕ ਦਰਦਨਾਕ ਅਤੇ ਨਫ਼ਰਤ ਭਰੀ ਆਵਾਜ਼ ਝੱਲਣੀ ਪਵੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕਦਮ ਇਸ ਲਈ ਵੀ ਜ਼ਰੂਰੀ ਹੈ, ਕਿਉਂਕਿ ਰਿਪਬਲਿਕਨ ਸ਼ਾਇਦ ਅਗਲੀਆਂ ਮਿਡਟਮ ਚੋਣਾਂ ਹਾਰ ਜਾਣਗੇ। ਅਗਲੇ ਮਿਡਟਮ (ਜੋ ਕਿ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਲਈ ਨਿਯਮਤ ਦੋ-ਸਾਲਾ ਚੋਣਾਂ ਹਨ) ਨਵੰਬਰ 2026 'ਚ ਹੋਣੇ ਹਨ। ਇਸ ਦੌਰਾਨ, ਅਮਰੀਕਾ ਦੇ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ ‘ਵਾਈਟ ਹਾਊਸ’ ਨੇ ਗ੍ਰੀਨ ਦੀ ਇਸ ਘੋਸ਼ਣਾ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
