ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵੱਡਾ ਝਟਕਾ ! ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦੀ US 'ਚ ਐਂਟਰੀ 'ਤੇ ਲਾਇਆ ਬੈਨ
Friday, Nov 28, 2025 - 11:52 AM (IST)
ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਵ੍ਹਾਈਟ ਹਾਊਸ ਨੇੜੇ ਹੋਈ ਫਾਇਰਿੰਗ ਮਗਰੋਂ ਅਮਰੀਕੀ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ 'ਤੇ ਹੈ। 2 ਨੈਸ਼ਨਲ ਗਾਰਡਾਂ ਨੂੰ ਗੋਲੀ ਲੱਗਣ ਮਗਰੋਂ ਬੀਤੇ ਦਿਨ ਟਰੰਪ ਪ੍ਰਸ਼ਾਸਨ ਨੇ ਅਫਗਾਨਿਸਤਾਨੀ ਨਾਗਰਿਕਾਂ ਲਈ ਅਮਰੀਕੀ ਵੀਜ਼ਾ ਸੇਵਾਵਾਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਸੀ ਤੇ ਸਾਲ 2021 ਤੋਂ ਇੱਥੇ ਆਏ ਪ੍ਰਵਾਸੀਆਂ ਦੀ ਜਾਂਚ ਦੇ ਵੀ ਆਦੇਸ਼ ਜਾਰੀ ਕੀਤੇ ਸਨ, ਕਿਉਂਕਿ ਵ੍ਹਾਈਟ ਹਾਊਸ ਨੇੜੇ ਫਾਇਰਿੰਗ ਕਰਨ ਵਾਲੇ ਹਮਲਾਵਰ ਦੀ ਪਛਾਣ ਅਫ਼ਗਾਨੀ ਨਾਗਰਿਕ ਵਜੋਂ ਹੋਈ ਹੈ। ਇਸ ਹਮਲੇ 'ਚ 1 ਸੈਨਿਕ ਦੀ ਮੌਤ ਹੋ ਗਈ ਹੈ, ਜਦਕਿ ਇਕ ਗੰਭੀਰ ਰੂਪ 'ਚ ਜ਼ਖ਼ਮੀ ਹੈ ਤੇ ਹਸਪਤਾਲ 'ਚ ਜ਼ੇਰੇ ਇਲਾਜ ਹੈ।
ਹੁਣ ਰਾਸ਼ਟਰਪਤੀ ਟਰੰਪ ਨੇ ਇਕ ਹੋਰ ਵੱਡਾ ਐਲਾਨ ਕੀਤਾ ਹੈ, ਜਿਸ ਮੁਤਾਬਕ ਉਨ੍ਹਾਂ ਦੀ ਸਰਕਾਰ 'ਤੀਸਰੀ ਦੁਨੀਆ ਦੇ ਸਾਰੇ ਦੇਸ਼ਾਂ' ਤੋਂ ਆਉਣ ਵਾਲੇ ਪ੍ਰਵਾਸ 'ਤੇ ਸਥਾਈ ਤੌਰ 'ਤੇ ਰੋਕ ਲਗਾਉਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਸੁਧਾਰਨਾ ਅਤੇ ਮੁੜ ਬਹਾਲ ਕਰਨਾ ਹੈ। ਹਾਲਾਂਕਿ ਟਰੰਪ ਨੇ ਕਿਸੇ ਖਾਸ ਦੇਸ਼ ਦਾ ਨਾਮ ਨਹੀਂ ਲਿਆ, ਪਰ ਅਫਗਾਨਿਸਤਾਨ ਸੰਯੁਕਤ ਰਾਸ਼ਟਰ ਦੁਆਰਾ ਸੂਚੀਬੱਧ ਘੱਟ ਵਿਕਸਤ ਦੇਸ਼ਾਂ ਵਿੱਚੋਂ ਇੱਕ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਸਿੱਖਾਂ ਨੂੰ ਵੱਡਾ ਝਟਕਾ ! ਇਸ ਸੂਬੇ 'ਚ ਪੱਗ ਬੰਨ੍ਹਣ 'ਤੇ ਲੱਗਾ Ban
ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਕਿ ਉਹ ਬਾਈਡੇਨ ਪ੍ਰਸ਼ਾਸਨ ਦੁਆਰਾ ਦਿੱਤੇ ਗਏ ਸਾਰੇ ਗੈਰ-ਕਾਨੂੰਨੀ ਪ੍ਰਵਾਸ ਨੂੰ ਖ਼ਤਮ ਕਰ ਦੇਣਗੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਅਜਿਹੇ ਸਾਰੇ ਪ੍ਰਵਾਸੀ, ਜੋ ਅਮਰੀਕਾ ਲਈ ਕੋਈ ਯੋਗਦਾਨ ਨਹੀਂ ਪਾਉਂਦੇ ਜਾਂ ਦੇਸ਼ ਦੀ ਸ਼ਾਂਤੀ ਲਈ ਖਤਰਾ ਹਨ ਜਾਂ 'ਪੱਛਮੀ ਸਭਿਅਤਾ ਦੇ ਅਨੁਕੂਲ ਨਹੀਂ ਹਨ', ਉਨ੍ਹਾਂ ਦੇ ਨਾਗਰਿਕਤਾ ਅਧਿਕਾਰ ਖੋਹ ਕੇ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੇਸ਼ ਵਿੱਚ ਪ੍ਰਵਾਸੀਆਂ ਨੂੰ ਮਿਲਣ ਵਾਲੇ ਸਾਰੇ ਸੰਘੀ ਲਾਭ ਅਤੇ ਸਬਸਿਡੀਆਂ ਵੀ ਬੰਦ ਕਰ ਦਿੱਤੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਤੀਜੀ ਦੁਨੀਆ ਦੇ ਦੇਸ਼ ਉਨ੍ਹਾਂ ਦੇਸ਼ਾਂ ਨੂੰ ਕਿਹਾ ਜਾਂਦਾ ਹੈ, ਜੋ ਹਾਲੇ ਜ਼ਿਆਦਾ ਵਿਕਾਸ ਨਹੀਂ ਕਰ ਸਕੇ ਹਨ। ਇਨ੍ਹਾਂ ਦੇਸ਼ਾਂ 'ਚ 32 ਅਫਰੀਕੀ ਦੇਸ਼ (ਜਿਵੇਂ ਅੰਗੋਲਾ, ਇਥੋਪੀਆ, ਮਲਾਵੀ, ਰਵਾਂਡਾ, ਯੂਗਾਂਡਾ ਜ਼ੈਂਬੀਆ ਆਦਿ), ਏਸ਼ੀਆ ਵਿੱਚ 8 (ਅਫਗਾਨਿਸਤਾਨ, ਬੰਗਲਾਦੇਸ਼, ਨੇਪਾਲ, ਯਮਨ ਆਦਿ), 1 ਕੈਰੇਬੀਅਨ (ਹੈਤੀ) ਅਤੇ 3 ਪੈਸਿਫਿਕ (ਕਿਰੀਬਾਤੀ, ਸੋਲੋਮਨ ਟਾਪੂ ਅਤੇ ਤੁਵਾਲੂ) ਸ਼ਾਮਲ ਹਨ। ਹੁਣ ਦੇਖਣਾ ਹੋਵੇਗਾ ਕਿ ਟਰੰਪ ਤੀਜੀ ਦੁਨੀਆ ਦੇ ਦੇਸ਼ਾਂ 'ਚ ਇਨ੍ਹਾਂ ਦੇਸ਼ਾਂ ਨੂੰ ਹੀ ਸ਼ਾਮਲ ਕਰਦੇ ਹਨ ਜਾਂ ਕੁਝ ਹੋਰ ਦੇਸ਼ ਵੀ ਉਨ੍ਹਾਂ ਦੇ ਰਾਡਾਰ 'ਤੇ ਹੋਣਗੇ।
