H5N5 ਬਰਡ ਫਲੂ ਨੇ ਪਹਿਲੀ ਵਾਰ ਇਨਸਾਨ ਨੂੰ ਕੀਤਾ ਸੰਕਰਮਿਤ, ਅਮਰੀਕਾ ''ਚ ਮਰੀਜ਼ ਦੀ ਮੌਤ

Saturday, Nov 22, 2025 - 11:19 AM (IST)

H5N5 ਬਰਡ ਫਲੂ ਨੇ ਪਹਿਲੀ ਵਾਰ ਇਨਸਾਨ ਨੂੰ ਕੀਤਾ ਸੰਕਰਮਿਤ, ਅਮਰੀਕਾ ''ਚ ਮਰੀਜ਼ ਦੀ ਮੌਤ

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਵਾਸ਼ਿੰਗਟਨ ਸੂਬੇ 'ਚ ਪਹਿਲੀ ਵਾਰ ਇਕ ਵਿਅਕਤੀ ਦੀ ਬਰਡ ਫਲੂ ਦੀ ਦੁਰਲੱਭ ਕਿਸਮ H5N5 ਨਾਲ ਮੌਤ ਹੋਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਹਾਲਾਂਕਿ ਸਿਹਤ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਆਮ ਲੋਕਾਂ ਲਈ ਖਤਰਾ ਬਹੁਤ ਘੱਟ ਹੈ। ਵਾਸ਼ਿੰਗਟਨ ਦੇ ਸਿਹਤ ਵਿਭਾਗ ਮੁਤਾਬਕ, ਮਰਨ ਵਾਲਾ ਵਿਅਕਤੀ ਇਕ ਬਜ਼ੁਰਗ ਸੀ, ਜਿਸ ਨੂੰ ਪਹਿਲਾਂ ਤੋਂ ਕਈ ਸਿਹਤ ਸਮੱਸਿਆਵਾਂ ਸਨ। ਉਹ H5N5 (ਬਰਡ ਫਲੂ) ਵਾਇਰਸ ਨਾਲ ਪੀੜਤ ਸੀ ਅਤੇ ਇਲਾਜ ਅਧੀਨ ਸੀ। ਵਿਭਾਗ ਨੇ ਕਿਹਾ ਕਿ ਇਹ ਵਿਅਕਤੀ ਇਸ ਵਾਇਰਸ ਦੀ ਇਸ ਕਿਸਮ ਨਾਲ ਸੰਕਰਮਿਤ ਹੋਣ ਵਾਲਾ ਦੁਨੀਆ ਦਾ ਪਹਿਲਾ ਦਰਜ ਕੀਤਾ ਗਿਆ ਮਾਮਲਾ ਹੋ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ, ਇਹ ਵਿਅਕਤੀ ਗ੍ਰੇਜ਼ ਹਾਰਬਰ ਕਾਊਂਟੀ 'ਚ ਰਹਿੰਦਾ ਸੀ, ਜੋ ਸੀਐਟਲ ਤੋਂ ਲਗਭਗ 125 ਕਿਲੋਮੀਟਰ ਦੱਖਣ–ਪੱਛਮ ਵੱਲ ਹੈ। ਉਸ ਦੇ ਘਰ ਦੇ ਪਿੱਛੇ ਪਾਲੀਆਂ ਮੁਰਗੀਆਂ ਜੰਗਲੀ ਪੰਛੀਆਂ ਦੇ ਸੰਪਰਕ 'ਚ ਆ ਗਈਆਂ ਸਨ, ਜਿਸ ਤੋਂ ਸੰਭਾਵਨਾ ਹੈ ਕਿ ਸੰਕਰਮਣ ਫੈਲਿਆ। ਸਿਹਤ ਵਿਭਾਗ ਨੇ ਕਿਹਾ, “ਲੋਕਾਂ ਲਈ ਖ਼ਤਰਾ ਘੱਟ ਹੈ। ਇਸ ਵੇਲੇ ਤੱਕ ਕਿਸੇ ਹੋਰ ਵਿਅਕਤੀ 'ਚ ਬਰਡ ਫਲੂ ਦਾ ਸੰਕਰਮਣ ਨਹੀਂ ਮਿਲਿਆ।” ਅਧਿਕਾਰੀਆਂ ਨੇ ਦੱਸਿਆ ਕਿ ਉਹ ਮਰੀਜ਼ ਦੇ ਨਜ਼ਦੀਕੀ ਸੰਪਰਕ 'ਚ ਰਹੇ ਹਰੇਕ ਵਿਅਕਤੀ ਦੀ ਨਿਗਰਾਨੀ ਕਰ ਰਹੇ ਹਨ, ਪਰ ਹੁਣ ਤੱਕ ਦੂਜਿਆਂ 'ਚ ਸੰਕਰਮਣ ਦੇ ਕੋਈ ਸਬੂਤ ਨਹੀਂ ਮਿਲੇ। ਇਸ ਮਹੀਨੇ ਦੀ ਸ਼ੁਰੂਆਤ 'ਚ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਨੇ ਵੀ ਕਿਹਾ ਸੀ ਕਿ ਇਸ ਮਾਮਲੇ ਨਾਲ ਜਨ ਸਿਹਤ ਲਈ ਖਤਰਾ ਵੱਧਣ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। H5N5 ਨੂੰ ਮਨੁੱਖਾਂ ਲਈ H5N1 ਦੇ ਮੁਕਾਬਲੇ ਘੱਟ ਖਤਰਨਾਕ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ


author

DIsha

Content Editor

Related News