''ਸਿੱਖਸ ਆਫ਼ ਅਮੈਰਿਕਾ'' ਦੇ ਚੇਅਰਮੈਨ ਜਸਦੀਪ ਜੱਸੀ ਨੇ ਭਾਰਤ ''ਚ US ਦੇ ਨਵੇਂ ਰਾਜਦੂਤ ਗੋਰ ਨਾਲ ਕੀਤੀ ਮੁਲਾਕਾਤ
Sunday, Nov 16, 2025 - 10:04 AM (IST)
ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕੀ ਪ੍ਰਸਾਸ਼ਨ ਵਲੋਂ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਜ਼ਦੀਕੀ ਸਰਜੀਓ ਗੋਰ ਨੂੰ ਭਾਰਤ ’ਚ ਅਮਰੀਕਾ ਦੇ ਨਵੇਂ ਅੰਬੈਸਡਰ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨਾਲ 'ਸਿੱਖਸ ਆਫ਼ ਅਮੈਰਿਕਾ' ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੇ ਵੀ ਪੁਰਾਣੇ ਨਜ਼ਦੀਕੀ ਸਬੰਧ ਹਨ। ਇਹ ਦੋਵੇਂ ਪਿਛਲੀਆਂ ਚੋਣਾਂ ਵਿਚ ਇਕੱਠੇ ਚੋਣ ਮੁਹਿੰਮ ਵੀ ਚਲਾਉਂਦੇ ਰਹੇ ਹਨ।
ਇਸੇ ਸਾਂਝ ਦੇ ਚੱਲਦਿਆਂ ਜਸਦੀਪ ਸਿੰਘ ਜੱਸੀ ਅੰਬੈਸਡਰ ਸਰਜੀੳ ਗੋਰ ਨੂੰ ਵਧਾਈ ਦੇਣ ਲਈ ਵ੍ਹਾਈਟ ਹਾਊਸ ਪੁੱਜੇ। ਮੁਲਾਕਾਤ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਜੱਸੀ ਨੇ ਦੱਸਿਆ ਕਿ ਮੈਂ ਸਰਜੀਓ ਗੋਰ ਨੂੰ ਬੇਨਤੀ ਕੀਤੀ ਉਹ ਜਦੋਂ ਭਾਰਤ ’ਚ ਆਪਣਾ ਅਹੁਦਾ ਸੰਭਾਲਣ ਤਾਂ ਪੰਜਾਬ ਜ਼ਰੂਰ ਜਾਣ ਅਤੇ ਖ਼ਾਸ ਤੌਰ 'ਤੇ ਦਰਬਾਰ ਸਾਹਿਬ ਜ਼ਰੂਰ ਜਾਣ।

ਇਸ 'ਤੇ ਗੋਰ ਨੇ ਕਿਹਾ ਕਿ ਉਹ ਪਹਿਲਾਂ ਹੀ ਮਨ ਬਣਾ ਚੁੱਕੇ ਹਨ ਅਤੇ ਲਗਭਗ 15 ਕੁ ਸਾਲ ਪਹਿਲਾਂ ਉਹ ਦਰਬਾਰ ਸਾਹਿਤ ਨਤਮਸਤਕ ਹੋ ਕੇ ਵੀ ਗਏ ਸਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਤੋਂ ਜੋ ਪਿਆਰ ਮਿਲਿਆ, ਉਹ ਅੱਜ ਵੀ ਉਨ੍ਹਾਂ ਨੂੰ ਯਾਦ ਹੈ।
ਜੱਸੀ ਨੇ ਕਿਹਾ ਕਿ ਅੰਬੈਸਡਰ ਗੋਰ ਦੀ ਨਿਯੁਕਤੀ ਨਾਲ ਅਮਰੀਕਾ ਦੇ ਭਾਰਤ ਨਾਲ ਸਬੰਧਾਂ ’ਚ ਹੋਰ ਵੀ ਜ਼ਿਆਦਾ ਮਜ਼ਬੂਤੀ ਆਵੇਗੀ, ਕਿਉਂਕਿ ਗੋਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਹੁਤ ਹੀ ਨਜ਼ਦੀਕੀ ਹਨ ਜਿਸ ਕਾਰਨ ਇਹ ਇਸ਼ਾਰਾ ਜਾਂਦਾ ਹੈ ਕਿ ਟਰੰਪ ਭਾਰਤ ਨਾਲ ਆਉਣ ਵਾਲੇ ਸਮੇਂ ’ਚ ਸਾਂਝ ਵਧਾਉਣ ਜਾ ਰਹੇ ਹਨ। ਇਸ ਮੌਕੇ ਜੱਸੀ ਨੇ ਵ੍ਹਾਈਟ ਹਾਊਸ ਦੀ ਪ੍ਰੈੱਸ ਸੈਕ੍ਰੇਟਰੀ ਕੈਰੋਲੀਨ ਲੈਵਿਟ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਚਰਚਾ ਕੀਤੀ।

