ਜ਼ਿਮਨੀ ਚੋਣ: ਬੈਟਮੈਨ ਸੀਟ ਲਈ ਲੇਬਰ ਤੇ ਗਰੀਨਜ਼ ਪਾਰਟੀ ''ਚ ਦਿਲਚਸਪ ਮੁਕਾਬਲਾ

03/02/2018 12:26:15 PM

ਮੈਲਬੌਰਨ— ਬੈਟਮੈਨ ਸੰਸਦੀ ਸੀਟ 'ਤੇ ਹੋ ਰਹੀ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਵਿਚਾਲੇ ਦਿਲਚਸਪ ਮੁਕਾਲਬਾ ਦੇਖਣ ਨੂੰ ਮਿਲ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਜ਼ਿਮਨੀ ਚੋਣ ਵਿਚ ਇਹ ਮੁੱਖ ਮੁਕਾਬਲਾ ਗਰੀਨਜ਼ ਪਾਰਟੀ ਦੀ ਸਿੱਖ ਪਿਛੋਕੜ ਵਾਲੀ ਉਮੀਦਵਾਰ ਬੀਬੀ ਐਲੈਕਸ ਕੌਰ ਭੱਠਲ ਅਤੇ ਲੇਬਰ ਪਾਰਟੀ ਦੀ ਉਮੀਦਵਾਰ ਗੇਲ ਕਿਰਅਨੇ ਵਿਚਕਾਰ ਹੈ, ਜਦਕਿ ਸੱਤਾਧਾਰੀ ਲਿਬਰਲ ਪਾਰਟੀ ਮੈਦਾਨ ਵਿਚ ਆਉਣ ਤੋਂ ਜਵਾਬ ਦੇ ਚੁੱਕੀ ਹੈ। ਦੱਸਣਯੋਗ ਹੈ ਕਿ ਇਸ ਹਲਕੇ ਤੋਂ ਪਿਛਲੀ ਵਾਰ ਲੇਬਰ ਪਾਰਟੀ ਦਾ ਉਮੀਦਵਾਰ ਜਿੱਤਿਆ ਸੀ ਪਰ ਦੋਹਰੀ ਨਾਗਰਿਕਤਾ ਕਾਰਨ ਉਸ ਨੂੰ ਅਸਤੀਫਾ ਦੇਣਾ ਪਿਆ ਸੀ ਅਤੇ ਹੁਣ ਇਸੇ ਖਾਲ੍ਹੀ ਪਈ ਸੀਟ 'ਤੇ ਮੁੜ ਵੋਟਾਂ ਪੈਣ ਜਾ ਰਹੀਆਂ ਹਨ।
ਐਲੈਕਸ ਕੌਰ ਭੱਠਲ ਇੱਥੋਂ 5 ਵਾਰ ਚੋਣ ਲੜ ਚੁੱਕੀ ਹੈ ਅਤੇ ਇਕ ਵਾਰ ਫਿਰ ਮੈਦਾਨ ਵਿਚ ਹੈ। 2016 ਵਿਚ ਲੇਬਰ ਪਾਰਟੀ ਨੂੰ ਸਖਤ ਟੱਕਰ ਦੇਣ ਵਾਲੀ ਗਰੀਨਜ਼ ਪਾਰਟੀ ਇਸ ਵਾਰ ਇੱਥੋਂ ਜਿੱਤ ਦਾ ਦਾਅਵਾ ਕਰ ਰਹੀ ਹੈ। ਜ਼ਿਕਰਯੋਗ ਹੈ ਕਿ 1906 ਤੋਂ ਹੁਣ ਤੱਕ ਲੇਬਰ ਇੱਥੋਂ ਦੋ ਵਾਰ ਹੀ ਹਾਰੀ ਹੈ ਪਰ ਪਿਛਲੇ ਦਹਾਕੇ ਦੌਰਾਨ ਪੜ੍ਹੇ ਲਿਖੇ ਵੋਟਰਾਂ ਲਈ ਜਾਣੇ ਜਾਂਦੇ ਇਸ ਹਲਕੇ ਦਾ ਰੁਝਾਨ ਗਰੀਨਜ਼ ਵੱਲ ਵਧਿਆ ਹੈ। ਇੱਥੇ ਮੁੱਖ ਮੁੱਦਿਆਂ ਗੌਤਮ ਅਡਾਨੀ ਦੀ ਕੋਲਾ ਖਾਣ ਦਾ ਵਿਰੋਧ, ਵਾਤਾਵਰਣ ਤਬਦੀਲੀ ਹਿੱਤ ਠੋਸ ਕਦਮ ਚੁੱਕਣੇ ਅਤੇ ਸ਼ਰਨਾਰਥੀ ਪ੍ਰਬੰਧਾਂ ਸਮੇਤ ਕੌਮਾਂਤਰੀ ਪੱਧਰ 'ਤੇ ਮਨੁੱਖ ਹੱਕਾਂ ਬਾਰੇ ਨਿਗਰ ਪਹੁੰਚ ਆਦਿ ਸ਼ਾਮਲ ਹਨ।
ਗਰੀਨਜ਼ ਪਾਰਟੀ ਇਨ੍ਹਾਂ ਮਸਲਿਆਂ 'ਤੇ ਸਪਸ਼ਟ ਪਹੁੰਚ ਰੱਖਦੀ ਰਹੀ ਹੈ, ਜਦੋਂਕਿ ਅਡਾਨੀ ਦੀ ਕੋਲਾ ਖਾਣ ਨੂੰ ਲੈ ਕੇ ਲੇਬਰ ਪਾਰਟੀ ਜਕੋ-ਤੱਕੀ ਵਿਚ ਰਹੀ ਹੈ। ਇੱਥੇ ਇਹ ਵਰਨਣਯੋਗ ਹੈ ਕਿ ਐਲੈਕਸ ਕੌਰ ਭੱਠਲ ਲੋਕ ਮਸਲਿਆਂ ਲਈ ਆਵਾਜ਼ ਬੁੰਲਦ ਕਰਨ ਲਈ ਜਾਣੀ ਜਾਂਦੀ ਹੈ। ਇੱਥੇ ਸਿੱਖ ਭਾਈਚਾਰਾ ਵੀ ਸਰਗਰਮੀ ਦਿਖਾ ਰਿਹਾ ਹੈ। 17 ਮਾਰਚ ਨੂੰ ਹੋਣ ਵਾਲੀ ਇਸ ਚੋਣ ਵਿਚ ਜੇਕਰ ਗਰੀਨਜ਼ ਪਾਰਟੀ ਜੇਤੂ ਰਹਿੰਦੀ ਹੈ, ਤਾਂ ਐਲੈਕਸ ਕੌਰ ਭੱਠਲ ਆਸਟ੍ਰੇਲੀਅਨ ਸੰਸਦ ਵਿਚ ਪਹੁੰਚਣ ਵਾਲੀ ਪਹਿਲੀ ਉਮੀਦਵਾਰ ਬਣ ਜਾਏਗੀ।


Related News