ਇਟਲੀ ''ਚ ਸ਼ਰਧਾ ਨਾਲ ਮਨਾਇਆ ਗਿਆ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ

Friday, Nov 11, 2022 - 01:38 PM (IST)

ਇਟਲੀ ''ਚ ਸ਼ਰਧਾ ਨਾਲ ਮਨਾਇਆ ਗਿਆ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ

ਰੋਮ (ਕੈਂਥ) ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣੁ ਹੋਆ, ਸਾਹਿਬ ਏ ਕਮਾਲ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਥੇ ਵਿਸ਼ਵ ਭਰ ਵਿਚ ਬੈਠੀਆਂ ਸੰਗਤਾਂ ਨੇ ਗੁਰਪੁਰਬ ਸ਼ਰਧਾ ਮਨਾਇਆ, ਉਥੇ ਹੀ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਕੱਤਕ ਦੀ ਪੂਰਨਮਾਸ਼ੀ ਦੀ ਰਾਤ ਨੂੰ ਗੁਰੂ ਸਾਹਿਬ ਜੀ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਗਏ। ਜਿਥੇ ਹਜ਼ਾਰਾਂ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਆਂ। 

6 ਨਵੰਬਰ ਰਾਤ ਨੂੰ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 8 ਨਵੰਬਰ ਦਿਨ ਮੰਗਲਵਾਰ ਨੂੰ ਪਾਏ ਗਏ। ਭੋਗ ਉਪਰੰਤ ਗੁਰੂ ਘਰ ਦੇ ਗ੍ਰੰਥੀ ਸਾਹਿਬ ਭਾਈ ਚੰਚਲ ਸਿੰਘ ਨੇ ਕੀਰਤਨ ਦੀ ਆਰੰਭਤਾ ਕੀਤੀ। ਉਪਰੰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਵਿਸੇਸ਼ ਤੌਰ 'ਤੇ ਪੁੱਜੇ ਭਾਈ ਸਤਿੰਦਰਬੀਰ ਸਿੰਘ ਜੀ ਨੇ ਜੱਥੇ ਸਮੇਤ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਗੁਰਦੁਆਰਾ ਸਾਹਿਬ ਦੀ ਰੌਣਕ ਨੂੰ ਵਧਾ ਰਿਹਾ ਸੀ। ਕੀਰਤਨ ਦੀ ਸਮਾਪਤੀ ਤੋਂ ਗੁਰੂ ਘਰ ਵਿਖੇ ਜਿਥੇ ਦੀਪਮਾਲਾ ਕੀਤੀ ਗਈ ਉਸ ਦੇ ਨਾਲ ਨਾਲ ਸੁੰਦਰ ਆਤਿਸ਼ਬਾਜੀ ਵੀ ਹੋਈ, ਜਿਸ ਦਾ ਨਜਾਰਾ ਲਾਜਵਾਬ ਸੀ।

ਪੜ੍ਹੋ ਇਹ ਅਹਿਮ ਖ਼ਬਰ-ਫਲੋਰੀਡਾ 'ਚ ਤੂਫਾਨ 'ਨਿਕੋਲ' ਨੇ ਮਚਾਈ ਤਬਾਹੀ, 2 ਲੱਖ ਤੋਂ ਵਧੇਰੇ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ (ਤਸਵੀਰਾਂ)

ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਹੋਰ ਵੀ ਰੌਣਕ ਵਧਾ ਦਿੱਤੀ। ਆਖਿਰ ਤੱਕ ਸੰਗਤਾਂ ਵੱਡੀ ਗਿਣਤੀ ਵਿਚ ਜੁੜੀਆਂ ਰਹੀਆਂ। ਪ੍ਰਬੰਧਕਾਂ ਵਲੋਂ ਸੰਗਤਾਂ ਲਈ ਵਿਸ਼ੇਸ਼ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਸਨ, ਜਿਨ੍ਹਾਂ ਵਿਚ ਪੀਜ਼ੇ, ਪਾਸਤਾ  ਗਰਮਾ-ਗਰਮ ਜਲੇਬੀਆਂ ਸਮੇਤ ਹੋਰ ਬਹੁਤ ਸਾਰੇ ਪਦਾਰਥ ਸ਼ਾਮਿਲ ਸਨ। ਗੁਰੂ ਘਰ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ ਨੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਅਤੇ ਨਾਲ ਵਿਸ਼ਵ ਭਰ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਪ੍ਰਕਾਸ਼ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ। ਸਟੇਜ ਦੀ ਸੇਵਾ ਸ਼ਰਨਜੀਤ ਸਿੰਘ ਠਾਕਰੀ ਵਲੋਂ ਨਿਭਾਈ ਗਈ। ਗੁਰੂ ਘਰ ਵਲੋਂ ਜਿਥੇ ਜੱਥੇ ਦਾ ਸਤਿਕਾਰ ਕੀਤਾ ਗਿਆ ਉਸ ਦੇ ਨਾਲ-ਨਾਲ ਸੇਵਾ ਕਰਨ ਵਾਲੇ ਵੀਰਾਂ ਦਾ ਅਤੇ ਮੀਡੀਆ ਵਾਲੇ ਵੀਰਾਂ ਦਾ ਵੀ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। 

ਇਸ ਸਾਰੇ ਪ੍ਰੋਗਰਾਮ ਨੂੰ ਘੋਤੜਾ ਯੂਟਿਊਬ ਚੈਨਲ ਅਤੇ ਹੋਰ ਕਈ ਚੈਨਲਾਂ ਤੇ ਲਾਈਵ ਪ੍ਰਸਾਰਿਤ ਕੀਤਾ ਗਿਆ। ਗੁਰੂਘਰ ਦੀ ਕਮੇਟੀ ਦੇ ਸਮੂਹ ਸੇਵਾਦਾਰ ਜਿਨ੍ਹਾਂ ਵਿਚ ਸੁਰਿੰਦਰਜੀਤ ਸਿੰਘ ਪੰਡੌਰੀ, ਸ਼ਰਨਜੀਤ ਸਿੰਘ ਠਾਕਰੀ, ਸਵਰਨ ਸਿੰਘ ਲਾਲੋਵਾਲ, ਨਿਸ਼ਾਨ ਸਿੰਘ ਭਦਾਸ, ਭੁਪਿੰਦਰ ਸਿੰਘ ਰਾਵਾਲੀ, ਲੱਖਵਿੰਦਰ ਸਿੰਘ ਘੋੜੇਚੱਕ,ਜੀਵਨ ਸਿੰਘ ਜੇਜੇ ਪੈਲੇਸ ਵਾਲੇ,  ਸ਼ੀਸ਼ਾ ਸਿੰਘ, ਬਿਕਰਮ ਸਿੰਘ, ਵਿੱਕੀ ਅਤੇ ਹੋਰ ਸੇਵਾਦਾਰਾਂ ਨੇ ਸੇਵਾ ਵਿਚ ਸਹਿਯੋਗ ਦਿੱਤਾ।


author

Vandana

Content Editor

Related News