ਨਾਬਾਲਗ ਵਿਦਿਆਰਥੀ ਨਾਲ ਕੀਤਾ ਅਜਿਹਾ ਸਲੂਕ, ਲੱਗਾ 5 ਲੱਖ ਡਾਲਰ ਦਾ ਜੁਰਮਾਨਾ
Wednesday, Aug 26, 2020 - 05:24 PM (IST)
ਬ੍ਰਿਟਿਸ਼ ਕੋਲੰਬੀਆ- ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਇਕ ਪਿਤਾ ਨੂੰ ਪੁੱਤ ਦੇ ਸਕੂਲ ਵਿਚ ਪੜ੍ਹਨ ਵਾਲੇ ਨਾਬਾਲਗ ਵਿਦਿਆਰਥੀ ਨੂੰ ਕੁੱਟਣ ਦੇ ਦੋਸ਼ ਵਿਚ 5 ਲੱਖ ਡਾਲਰ ਦਾ ਜੁਰਮਾਨਾ ਲੱਗਾ ਹੈ।
ਲਗਭਗ 10 ਸਾਲ ਪਹਿਲਾਂ ਸਕੂਲ ਦੇ ਦੋ ਵਿਦਿਆਰਥੀਆਂ ਵਿਚਕਾਰ ਝਗੜਾ ਹੋ ਗਿਆ ਸੀ। ਇਕ ਵਿਦਿਆਰਥੀ ਦੇ ਪਿਤਾ ਨੇ ਦੂਜੇ ਵਿਦਿਆਰਥੀ ਨੂੰ ਗੁੱਸੇ ਵਿਚ ਇੰਨਾ ਕੁੱਟਿਆ ਕਿ ਉਸ ਦਾ ਬੁਰਾ ਹਾਲ ਹੋ ਗਿਆ। ਉਸ ਸਮੇਂ ਉਹ ਵਿਦਿਆਰਥੀ 14 ਸਾਲ ਦਾ ਸੀ। ਉਸ ਦੀ ਮਾਂ ਨੇ ਅਦਾਲਤ ਵਿਚ ਮੁਕੱਦਮਾ ਦਰਜ ਕੀਤਾ ਜਿੱਥੇ ਹੁਣ 26 ਸਾਲ ਦੇ ਹੋ ਗਏ ਨੌਜਵਾਨ ਨੂੰ ਨਿਆਂ ਦੇ ਨਾਲ-ਨਾਲ ਮੁਆਵਜ਼ੇ ਦੀ ਵੱਡੀ ਰਾਸ਼ੀ ਮਿਲੀ ਹੈ।
ਨੌਜਵਾਨ ਨੂੰ ਸਰੀਰਕ ਦੇ ਮਾਨਸਿਕ ਨੁਕਸਾਨ ਦੇ ਮੁਆਵਜੇ ਵਜੋਂ 4,79,000 ਡਾਲਰ ਦੀ ਰਾਸ਼ੀ ਦਿੱਤੀ ਗਈ ਹੈ ਅਤੇ 35,000 ਡਾਲਰ ਹੋਰ ਨੁਕਸਾਨ ਦੀ ਭਰਪਾਈ ਵਜੋਂ ਦਿੱਤੇ ਗਏ ਹਨ।
ਅਦਾਲਤ ਨੇ ਦੋਸ਼ੀ ਤੇ ਪੀੜਤ ਦਾ ਨਾਂ ਜਨਤਕ ਨਹੀਂ ਕੀਤਾ। ਨੌਜਵਾਨ ਨੇ ਦੱਸਿਆ ਕਿ ਉਸ ਦੇ ਕਈ ਸੁਪਨੇ ਸਨ ਪਰ ਉਸ ਸਮੇਂ ਲੱਗੀਆਂ ਸੱਟਾਂ ਕਾਰਨ ਉਹ ਮਾਈਗ੍ਰੇਨ ਨਾਲ ਪੀੜਤ ਹੋ ਗਿਆ ਤੇ ਕਾਫੀ ਪਰੇਸ਼ਾਨ ਰਹਿੰਦਾ ਹੈ। ਉਸ ਦਾ ਸੁਪਨਾ ਆਪਣੇ ਦਾਦੇ ਵਾਂਗ ਲੱਕੜ ਦੇ ਕੰਮ ਵਿਚ ਕਰੀਅਰ ਬਣਾਉਣਾ ਚਾਹੁੰਦਾ ਸੀ ਪਰ ਸ਼ਾਇਦ ਅਜਿਹਾ ਨਹੀਂ ਹੋ ਸਕੇਗਾ। ਉਸ ਨੇ ਦੱਸਿਆ ਕਿ ਇਹ ਗੱਲ ਉਸ ਦੇ ਦਿਲ ਨੂੰ ਬਹੁਤ ਦੁੱਖ ਦਿੰਦੀ ਹੈ ਕਿ ਉਸ ਨੂੰ ਉੱਥੇ ਕੁੱਟਿਆ ਗਿਆ, ਜਿੱਥੇ ਉਹ ਵਿੱਦਿਆ ਹਾਸਲ ਕਰਨ ਜਾਂਦਾ ਸੀ ਤੇ ਉਸ ਨੂੰ ਇਹ ਸਭ ਤੋਂ ਸੁਰੱਖਿਅਤ ਥਾਂ ਲੱਗਦੀ ਸੀ।