ਆਸਟ੍ਰੇਲੀਆ ਦੇ ਜੰਗੀ ਜਹਾਜ਼ ਨੇ ਦੱਖਣੀ ਚੀਨ ਸਾਗਰ ''ਚ ਅਮਰੀਕਾ ਤੇ ਜਾਪਾਨ ਨਾਲ ਕੀਤਾ ਅਭਿਆਸ

Wednesday, Oct 21, 2020 - 06:25 PM (IST)

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਮਿਲਟਰੀ ਜੰਗੀ ਜਹਾਜ਼ ਨੇ ਦੱਖਣੀ ਚੀਨ ਸਾਗਰ ਵਿਚ ਅਮਰੀਕਾ ਅਤੇ ਜਾਪਾਨ ਦੀਆਂ ਜਲ ਸੈਨਾਵਾਂ ਦੇ ਨਾਲ ਮਿਲਟਰੀ ਅਭਿਆਸ ਵਿਚ ਹਿੱਸਾ ਲਿਆ। ਆਸਟ੍ਰੇਲੀਆ ਦੇ ਰੱਖਿਆ ਵਿਭਾਗ ਨੇ ਦੱਸਿਆ,''HMAS ਅਰੂਨੰਤ ਨੇ ਦੱਖਣੀ ਚੀਨ ਸਾਗਰ ਵਿਚ ਅਮਰੀਕੀ ਨੇਵੀ ਅਤੇ ਜਾਪਾਨ ਮੈਰੀਟਾਈਮ ਸੈਲਫ ਡਿਫੈਂਸ ਫੋਰਸ ਦੇ ਨਾਲ ਅਭਿਆਸ ਕੀਤਾ ਹੈ। ਇੱਥੇ ਦੱਸ ਦਈਏ ਕਿ HMAS ਅਰੂਨੰਤ, ਰੋਇਲ ਆਸਟ੍ਰੇਲੀਆ ਨੇਵੀ ਦਾ ਮਿਲਟਰੀ ਜੰਗੀ ਜਹਾਜ਼ ਹੈ। 

 

ਮੰਨਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿਚ ਚੀਨ ਦੇ ਦਬਦਬੇ ਨੂੰ ਚੁਣੌਤੀ ਦੇਣ ਦੇ ਲਈ ਤਿੰਨੇ ਦੇਸ਼ਾਂ ਨੇ ਇਹ ਮਿਲਟਰੀ ਅਭਿਆਸ ਕੀਤਾ ਹੈ। ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਤੰਬਰ ਦੇ ਮਹੀਨੇ ਵਿਚ ਚੀਨ ਦੇ ਸਮੁੰਦਰੀ ਰੱਖਿਆ ਪ੍ਰਸ਼ਾਸਨ ਨੇ ਇਕ ਵਾਰ ਫਿਰ ਦੱਖਣੀ ਸਾਗਰ ਵਿਚ ਯੁੱਧ ਅਭਿਆਸ ਸ਼ੁਰੂ ਕੀਤਾ ਹੈ। ਆਪਣੀਆਂ ਵਿਸਥਾਰਵਾਦੀ ਨੀਤੀਆਂ ਅਤੇ ਹਮਲਾਵਰ ਰਵੱਈਏ ਨੂੰ ਲੈ ਕੇ ਚੀਨ ਲਗਾਤਾਰ ਦੱਖਣੀ-ਪੂਰਬੀ ਗੁਆਂਢੀ ਦੇਸ਼ਾਂ ਨੂੰ ਧਮਕਾਉਣ ਦੇ ਉਦੇਸ਼ ਨਾਲ ਚਾਲਾਂ ਚੱਲ ਰਿਹਾ ਹੈ। ਦੋ ਦਿਨਾਂ ਤੱਕ ਚੱਲੇ ਇਸ ਯੁੱਧ ਅਭਿਆਸ ਦੇ ਦੌਰਾਨ ਪ੍ਰਸ਼ਾਸਨ ਨੇ ਅਭਿਆਸ ਸਥਲ ਦੇ ਆਲੇ-ਦੁਆਲੇ ਸਮੁੰਦਰੀ ਇਲਾਕਿਆਂ ਨੂੰ ਬੰਦ ਕਰਨ ਦੀ ਘੋਸ਼ਣਾ ਵੀ ਕੀਤੀ। 

ਚੀਨ ਇੱਥੇ ਆਪਣੇ ਨਿਯਮਿਤ ਅਭਿਆਸ ਦੇ ਦੌਰਾਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਤਾਇਵਾਨ ਦੇ ਹਵਾਈ ਖੇਤਰ ਵਿਚ ਵੀ ਦਾਖਲ ਹੋਇਆ, ਜਿਸ ਦਾ ਪੂਰੀ ਦੁਨੀਆ ਵਿਚ ਵਿਰੋਧ ਹੋਇਆ। ਮੌਜੂਦਾ ਅਭਿਆਸ ਨੂੰ ਸਮੁੰਦਰੀ ਖੇਤਰ ਵਿਚ ਫਿਲਪੀਨਜ, ਵੀਅਤਨਾਮ ਜਿਹੇ ਗੁਆਂਢੀ ਦੇਸ਼ਾਂ 'ਤੇ ਪ੍ਰਭਾਵ ਪਾਉਣ ਦਾ ਹਿੱਸਾ ਮੰਨਿਆ ਜਾ ਰਿਹਾ ਸੀ। ਇੱਥੇ ਦੱਸ ਦਈਏ ਕਿ ਇਹਨਾਂ ਦੇਸ਼ਾਂ ਨੂੰ ਦੱਖਣੀ ਚੀਨ ਸਾਗਰ ਵਿਚ ਅਮਰੀਕਾ ਦਾ ਸਮਰਥਨ ਮਿਲਿਆ ਹੋਇਆ ਹੈ। ਅਸਲ ਵਿਚ ਚੀਨ ਨੇ ਦੱਖਣੀ ਚੀਨ ਸਾਗਰ ਵਿਚ ਆਪਣੀ ਦਾਅਵੇਦਾਰੀ ਦੀ ਪੁਸ਼ਟੀ ਦੇ ਲਈ ਇਕ ਕਾਲਪਨਿਕ ਸਰਹੱਦ ਲਾਈਨ ਬਣਾਈ ਹੋਈ ਹੈ ਜਿਸ ਨੂੰ ਉਹ ਨਾਈਨ ਡੈਸ਼ ਲਾਈਨ ਦੱਸਦਾ ਹੈ।


Vandana

Content Editor

Related News