ਆਸਟ੍ਰੇਲੀਆ-ਅਮਰੀਕਾ ਦੀ ਵਧੀ ਚਿੰਤਾ, ਚੀਨ ਨੇ ਸੋਲੋਮਨ ਟਾਪੂ ਨਾਲ ਕੀਤਾ 'ਸੁਰੱਖਿਆ ਸਮਝੌਤਾ'

Wednesday, Apr 20, 2022 - 10:57 AM (IST)

ਆਸਟ੍ਰੇਲੀਆ-ਅਮਰੀਕਾ ਦੀ ਵਧੀ ਚਿੰਤਾ, ਚੀਨ ਨੇ ਸੋਲੋਮਨ ਟਾਪੂ ਨਾਲ ਕੀਤਾ 'ਸੁਰੱਖਿਆ ਸਮਝੌਤਾ'

ਬੀਜਿੰਗ/ਮੈਲਬੌਰਨ (ਬਿਊਰੋ): ਦੁਨੀਆ ਭਰ ਵਿਚ ਹੋ ਰਹੀ ਆਲੋਚਨਾ ਦੇ ਬਾਵਜੂਦ ਚੀਨ ਨੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਫ਼ੌਜੀ ਦਬਦਬਾ ਕਾਇਮ ਕਰਨ ਲਈ ਕਦਮ ਵਧਾ ਦਿੱਤਾ ਹੈ। ਅਸਲ ਵਿਚ ਚੀਨ ਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਛੋਟੇ ਟਾਪੂ ਸੋਲੋਮਨ ਨਾਲ ਇੱਕ ਵਿਵਾਦਪੂਰਨ ਸੁਰੱਖਿਆ ਸਮਝੌਤਾ ਕੀਤਾ ਹੈ। ਇਸ ਨਾਲ ਆਸਟ੍ਰੇਲੀਆ-ਅਮਰੀਕਾ ਦੀ ਚਿੰਤਾ ਵਧ ਗਈ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਚੀਨੀ ਫ਼ੌਜ ਪੀਐੱਲਏ-ਆਸਟ੍ਰੇਲੀਆ ਸਰਹੱਦ ਤੋਂ ਸਿਰਫ਼ 2 ਹਜ਼ਾਰ ਕਿਲੋਮੀਟਰ ਤੱਕ ਪਹੁੰਚਣ ਜਾ ਰਹੀ ਹੈ। ਆਸਟ੍ਰੇਲੀਆ ਅਤੇ ਪੱਛਮੀ ਦੇਸ਼ਾਂ ਨੂੰ ਡਰ ਹੈ ਕਿ ਚੀਨ ਹੁਣ ਸੋਲੋਮਨ ਟਾਪੂ 'ਤੇ ਫ਼ੌਜੀ ਅੱਡਾ ਬਣਾ ਸਕਦਾ ਹੈ।

ਇਸ ਤੋਂ ਪਹਿਲਾਂ ਚੀਨ ਨੇ ਅਫ਼ਰੀਕਾ ਦੇ ਜਿਬੂਤੀ ਵਿਚ ਫ਼ੌਜੀ ਅੱਡਾ ਬਣਾ ਕੇ ਦੁਨੀਆ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਦੋਵਾਂ ਦੇਸ਼ਾਂ ਨੇ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ। ਇਸ ਤੋਂ ਦੋ ਦਿਨ ਪਹਿਲਾਂ ਇੱਕ ਅਮਰੀਕੀ ਟੀਮ ਸੋਲੋਮਨ ਟਾਪੂ ਪਹੁੰਚੀ ਸੀ ਤਾਂ ਜੋ ਸੋਲੋਮਨ ਟਾਪੂ ਦੀ ਚੀਨ ਪੱਖੀ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਸਕੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਸ ਸਮਝੌਤੇ ਦਾ ਉਦੇਸ਼ ਸੋਲੋਮਨ ਟਾਪੂ 'ਤੇ ਸਮਾਜਿਕ ਸਥਿਰਤਾ ਅਤੇ ਲੰਬੇ ਸਮੇਂ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ।

ਪੜ੍ਹੋ ਇਹ ਅਹਿਮ ਖ਼ਬਰ -ਸਿੰਗਾਪੁਰ 'ਚ ਮਨੁੱਖੀ ਤਸਕਰੀ ਦੇ ਦੋਸ਼ 'ਚ ਭਾਰਤੀ ਸ਼ਖਸ ਨੂੰ 41 ਮਹੀਨੇ ਦੀ ਸਜ਼ਾ

ਚੀਨ ਨੇ ਕਹੀ ਇਹ ਗੱਲ
ਚੀਨ ਨੇ ਕਿਹਾ ਕਿ ਇਹ ਸਮਝੌਤਾ ਸੋਲੋਮਨ ਟਾਪੂ ਅਤੇ ਦੱਖਣੀ ਪ੍ਰਸ਼ਾਂਤ ਦੇ ਸਾਂਝੇ ਹਿੱਤਾਂ ਦੀ ਦਿਸ਼ਾ ਵਿੱਚ ਹੀ ਹੈ। ਚੀਨ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਦਾ ਖੁਲਾਸਾ ਨਹੀਂ ਕੀਤਾ ਹੈ ਪਰ ਸੋਲੋਮਨ ਟਾਪੂ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮਝੌਤੇ 'ਤੇ 31 ਮਾਰਚ ਨੂੰ ਹਸਤਾਖਰ ਕੀਤੇ ਗਏ ਸਨ ਅਤੇ ਇਸ ਦੀ ਪੁਸ਼ਟੀ ਬਾਅਦ ਵਿੱਚ ਕੀਤੀ ਜਾਵੇਗੀ। ਆਸਟ੍ਰੇਲੀਆ ਅਤੇ ਅਮਰੀਕਾ ਨੂੰ ਡਰ ਹੈ ਕਿ ਚੀਨ ਪ੍ਰਸ਼ਾਂਤ ਮਹਾਸਾਗਰ ਵਿਚ ਫ਼ੌਜੀ ਅੱਡੇ ਬਣਾਉਣ ਦੀ ਕੋਸ਼ਿਸ਼ ਕਰੇਗਾ। ਇਨ੍ਹਾਂ ਦੋਵਾਂ ਦੇਸ਼ਾਂ ਨੇ ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਮਨਸੇਹ ਸੋਗਾਵਾਰੇ ਨੂੰ ਸਮਝੌਤੇ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।

ਸੋਲੋਮਨ ਟਾਪੂ ਦੇ ਪ੍ਰਧਾਨ ਮੰਤਰੀ ਮਨਸੇਹ ਸੋਗਾਵਾਰੇ ਨੇ ਉਨ੍ਹਾਂ ਦੀ ਗੱਲ ਮੰਨਣ ਦੀ ਬਜਾਏ ਅਮਰੀਕਾ ਦੀ ਆਲੋਚਨਾ ਨੂੰ 'ਅੱਤਿਆਚਾਰੀ' ਕਰਾਰ ਦਿੱਤਾ। ਚੀਨ ਨੇ ਦਾਅਵਾ ਕੀਤਾ ਹੈ ਕਿ ਸਮਝੌਤਾ ਜਨਤਕ, ਪਾਰਦਰਸ਼ੀ ਅਤੇ ਸਮਾਵੇਸ਼ੀ ਹੈ। ਅਜਿਹਾ ਕਿਸੇ ਤੀਜੇ ਦੇਸ਼ ਨੂੰ ਨਿਸ਼ਾਨਾ ਬਣਾ ਕੇ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਚੀਨ ਲਈ ਪ੍ਰਸ਼ਾਂਤ ਮਹਾਸਾਗਰ 'ਚ ਹਮਲਾਵਰਤਾ ਦਿਖਾਉਣ ਦਾ ਰਾਹ ਖੁੱਲ੍ਹ ਜਾਵੇਗਾ। ਲਿਬਰਲ ਪਾਰਟੀ ਦੇ ਸੰਸਦ ਮੈਂਬਰ ਮਾਈਕਲ ਸੁਕਰ ਨੇ ਕਿਹਾ ਕਿ ਸੌਦੇ ਦਾ "ਮਹੱਤਵਪੂਰਨ ਪ੍ਰਭਾਵ" ਹੋਵੇਗਾ।ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਇਹ ਸੌਦਾ ਖੇਤਰ ਨੂੰ "ਅਸਥਿਰ" ਕਰੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਸਮਝੌਤੇ ਦਾ ਵਿਸਤ੍ਰਿਤ ਖਰੜਾ ਸੋਲੋਮਨ ਟਾਪੂ ਸਰਕਾਰ ਦੇ ਵਾਅਦੇ ਦੇ ਬਾਵਜੂਦ ਚੀਨ ਦੀ ਫੌ਼ਜ ਦੀ ਤਾਇਨਾਤੀ ਦਾ ਰਾਹ ਖੋਲ੍ਹਦਾ ਹੈ। ਅਮਰੀਕਾ ਨੇ ਚੀਨ ਦੀ ਚਾਲ ਨੂੰ ਨਾਕਾਮ ਕਰਨ ਲਈ 29 ਸਾਲਾਂ ਬਾਅਦ ਆਪਣਾ ਦੂਤਘਰ ਮੁੜ ਖੋਲ੍ਹਿਆ ਹੈ। ਅਮਰੀਕਾ ਦੇ ਇਸ ਕਦਮ ਕਾਰਨ ਚੀਨ ਤਲਖੀ ਵਿਚ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਰਾਏ।


author

Vandana

Content Editor

Related News