ਮੈਲਬੌਰਨ : ਹੋਟਲ ਦੇ ਗਾਰਡ ਕੋਰੋਨਾ ਪਾਜ਼ੇਟਿਵ, ਸੈਂਕੜੇ ਵਰਕਰ ਕੀਤੇ ਗਏ ਕੁਆਰੰਟੀਨ
Friday, Jun 19, 2020 - 12:59 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਵਿਕਟੋਰੀਆ ਸੂਬੇ ਦੇ ਮੈਲਬੌਰਨ ਸ਼ਹਿਰ ਦੇ ਇੱਕ ਹੋਟਲ ਵਿੱਚ ਕੋਰੋਨਾਵਾਇਰਸ ਸੰਬੰਧੀ ਮਾਮਲੇ ਸਾਹਮਣੇ ਆਏ ਹਨ। ਕੋਰੋਨਾਵਾਇਰਸ ਦੇ ਇਸ ਪ੍ਰਕੋਪ ਦੇ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਕੇ ਹੋਰ ਤੇਜ਼ੀ ਨਾਲ ਫੈਲਣ ਦਾ ਖਦਸ਼ਾ ਹੈ। ਰਾਜ ਦੇ ਡਿਪਟੀ ਚੀਫ਼ ਹੈਲਥ ਅਧਿਕਾਰੀ ਨੇ ਖੁਲਾਸਾ ਕੀਤਾ ਹੈ ਕਿ ਸੈਂਕੜੇ ਹੋਟਲ ਵਰਕਰ ਕੁਆਰੰਟੀਨ ਵਿਚ ਹਨ।
ਡਾਕਟਰ ਐਨਾਲੀਸਿਸ ਵੈਨ ਡੀਮੇਨ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਸਿਹਤ ਸੁਰੱਖਿਆ ਅਧਿਕਾਰੀ ਪੰਜ ਸੁੱਰਖਿਆ ਠੇਕੇਦਾਰਾਂ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਤੋਂ ਸਟੈਮਫੋਰਡ ਪਲਾਜ਼ਾ ਹੋਟਲ ਵਿਖੇ ਵਾਇਰਸ ਸੰਬੰਧੀ ਕਈ ਮਾਮਲਿਆਂ ਦੀ ਜਾਂਚ ਕਰ ਰਹੇ ਹਨ।ਪੰਜਾਂ ਮੁਲਾਜ਼ਮਾਂ ਨੇ ਹੋਟਲ ਵਿਚ ਇਸੇ ਸਮੇਂ ਦੌਰਾਨ ਸ਼ਿਫਟਾਂ ਵਿਚ ਕੰਮ ਕੀਤਾ ਸੀ। ਉਸ ਨੇ ਕਿਹਾ,''ਸਾਡੇ ਕੋਲ ਇਸ ਸਮੇਂ 100 ਵਰਕਰ ਕੁਆਰੰਟੀਨ ਵਿਚ ਹਨ।''
ਉਹਨਾਂ ਨੇ ਅੱਗੇ ਕਿਹਾ,''ਸੁਰੱਖਿਆ ਗਾਰਡਾਂ ਅਤੇ ਹੋਰ ਵਰਕਰਾਂ ਦਾ ਇਕ ਵੱਡਾ ਸਮੂਹ ਹੈ ਅਤੇ ਬਦਕਿਸਮਤੀ ਨਾਲ ਇੰਝ ਪ੍ਰਤੀਤ ਹੁੰਦਾ ਹੈ ਇਹਨਾਂ ਵਿਚੋਂ ਕੁਝ ਨੇ ਕੋਰੋਨਾ ਪੀੜਤ ਹੋਣ ਦੇ ਬਾਅਦ ਇਕ ਜਾਂ ਕਈ ਦਿਨਾਂ ਤੱਕ ਕੰਮ ਕੀਤਾ ਹੈ। ਅਸੀਂ ਆਸ ਕਰਦੇ ਹਾਂ ਕਿ ਸੰਭਵ ਤੌਰ 'ਤੇ ਇਸ ਕੇਸ ਨਾਲ ਸਬੰਧਤ ਅੱਗੇ ਵੀ ਮਾਮਲੇ ਹੋਣਗੇ ਅਤੇ ਇਸ ਵਿਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ।'' ਵਿਕਟੋਰੀਆ ਵਿਚ 13 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਮਗਰੋਂ ਰਾਜ ਵਿਚ ਕੁੱਲ 1792 ਮਾਮਲੇ ਹੋ ਗਏ ਹਨ।ਹੋਰ ਨਵੇਂ ਮਾਮਲਿਆਂ ਵਿੱਚ, ਦੋ ਕਿਲੌਰ ਡਾਉਨਜ਼ ਵਿੱਚ ਇੱਕ ਪਰਿਵਾਰ ਨਾਲ ਜੁੜੇ ਹੋਏ ਸਨ ਜੋ ਇੱਕ ਜਾਣੂ ਕੇਸ ਦੇ ਨੇੜਲੇ ਸੰਪਰਕ ਵਿਚ ਸਨ। ਸੂਬੇ ਵਿਚ ਭਾਈਚਾਰਕ ਇਨਫੈਕਸ਼ਨ ਦਾ ਵੱਡਾ ਖਤਰਾ ਹੈ। ਵਿਕਟੋਰੀਆ ਵਿਚ 91 ਐਕਟਿਵ ਮਾਮਲੇ ਹਨ।