ਆਸਟ੍ਰੇਲੀਆ : ਪਾਰਟੀ 'ਚ ਹੋਈ ਡਰੱਗ ਦੀ ਵਰਤੋਂ, 1 ਦੀ ਮੌਤ 'ਤੇ ਕਈ ਗੰਭੀਰ

Sunday, Dec 09, 2018 - 10:20 AM (IST)

ਆਸਟ੍ਰੇਲੀਆ : ਪਾਰਟੀ 'ਚ ਹੋਈ ਡਰੱਗ ਦੀ ਵਰਤੋਂ, 1 ਦੀ ਮੌਤ 'ਤੇ ਕਈ ਗੰਭੀਰ

ਸਿਡਨੀ (ਬਿਊਰੋ)— ਬੀਤੀ ਰਾਤ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਨੌਜਵਾਨਾਂ ਨੇ ਡਾਂਸ ਪਾਰਟੀ ਕੀਤੀ। ਇਸ ਪਾਰਟੀ ਵਿਚ ਡਰੱਗ ਦੀ ਓਵਰਡੋਜ਼ ਲੈਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 3 ਹੋਰ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। 19 ਸਾਲਾ ਵਿਅਕਤੀ ਨੂੰ ਤੁਰੰਤ ਕਨਕੋਰਡ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸ ਨੂੰ ਬਚਾ ਨਹੀਂ ਪਾਏ। ਨੌਜਵਾਨ ਦੇ ਇਲਾਵਾ 19 ਅਤੇ 25 ਸਾਲ ਦੀਆਂ ਦੋ ਔਰਤਾਂ ਅਤੇ ਇਕ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਵੈਸਟਮੀਡ ਹਸਪਤਾਲ ਲਿਜਾਇਆ ਗਿਆ। 

ਇਹ ਸਾਰੇ ਨੌਜਵਾਨ ਕੱਲ ਸਿਡਨੀ ਓਲਪਿੰਕ ਪਾਰਕ ਵਿਚ ਨੌਕਆਊਟ ਗੇਮਜ਼ ਆਫ ਡੈਸਟਿਨੀ ਵਿਚ ਹਿੱਸਾ ਲੈ ਰਹੇ ਸਨ। ਇਸ ਨੂੰ ਦੱਖਣੀ ਹਿੱਸੇ ਵਿਚ ਸਭ ਤੋਂ ਵੱਡਾ ਇਨਡੋਰ ਉਤਸਵ ਮੰਨਿਆ ਜਾਂਦਾ ਹੈ। ਪੁਲਸ ਮੁਤਾਬਕ ਇਸ ਪਾਰਟੀ ਵਿਚ ਸ਼ਾਮਲ 13 ਹੋਰ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ 130 ਹੋਰਾਂ ਨੇ ਡਾਕਟਰੀ ਇਲਾਜ ਦੀ ਮੰਗ ਕੀਤੀ। ਇਸ ਮਾਮਲੇ ਵਿਚ ਹੁਣ ਤੱਕ 5 ਲੋਕਾਂ 'ਤੇ ਡਰੱਗ ਸਪਲਾਈ ਕਰਨ ਦੇ ਦੋਸ਼ ਲਗਾਏ ਹਨ, ਜਿਸ ਵਿਚ 18 ਸਾਲਾ ਲੜਕੀ ਕੋਲੋਂ ਲੱਗਭਗ 400 ਐੱਮ.ਡੀ.ਐੱਮ.ਏ. ਕੈਪਸੂਲ ਮਿਲੇ ਹਨ। 

ਦੱਖਣੀ-ਪੱਛਮੀ ਮੈਟਰੋਪਾਲੀਟਨ ਖੇਤਰ ਕਮਾਂਡਰ ਸਹਾਇਕ ਕਮਿਸ਼ਨਰ ਪੀਟਰ ਥੱਰਟਲ ਨੇ ਕਿਹਾ ਕਿ ਬੀਤੀ ਰਾਤ ਪਾਰਟੀ ਵਿਚ ਗੈਰ ਕਾਨੂੰਨੀ ਡਰੱਗਜ਼ ਲੈਣ ਕਾਰਨ ਇਹ ਘਟਨਾ ਵਾਪਰੀ। ਔਬਰਨ ਪੁਲਸ ਹੁਣ ਨਾਬਾਲਗ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਅਤੇ ਕੋਰੋਨਰ ਲਈ ਇਸ ਘਟਨਾ ਸਬੰਧੀ ਰਿਪੋਰਟ ਤਿਆਰ ਕਰੇਗੀ।


Related News