ਆਸਟ੍ਰੇਲੀਆ-ਚੀਨ ਵਿਚਾਲੇ ਜੰਗ ਦਾ ਖ਼ਤਰਾ! ਅਮਰੀਕਾ ਨੇ ਆਸਟ੍ਰੇਲੀਆ ਭੇਜੇ ਹਜ਼ਾਰਾਂ ਫ਼ੌਜੀ ਤੇ ਮਿਜ਼ਾਈਲਾਂ
Wednesday, Mar 16, 2022 - 04:06 PM (IST)
 
            
            ਮੈਲਬੌਰਨ (ਬਿਊਰੋ): ਰੂਸ-ਯੂਕ੍ਰੇਨ ਜੰਗ ਦੇ ਵਿਚਕਾਰ ਹੁਣ ਚੀਨ ਅਤੇ ਆਸਟ੍ਰੇਲੀਆ ਵਿਚਾਲੇ ਜੰਗ ਦੇ ਬੱਦਲ ਮੰਡਰਾ ਰਹੇ ਹਨ। ਆਸਟ੍ਰੇਲੀਆ ਨੇ ਮੰਨਿਆ ਹੈ ਕਿ ਚੀਨ ਨਾਲ ਤਣਾਅ ਵੱਧ ਰਿਹਾ ਹੈ ਜੋ ਜੰਗ ਵਿੱਚ ਬਦਲ ਸਕਦਾ ਹੈ। ਇਸ ਦੌਰਾਨ ਆਸਟ੍ਰੇਲੀਆ ਨਾਲ ਔਕਸ (AUKUS) ਸਮਝੌਤਾ ਕਰਨ ਵਾਲਾ ਅਮਰੀਕਾ ਹਜ਼ਾਰਾਂ ਦੀ ਗਿਣਤੀ ਵਿਚ ਫ਼ੌਜ, ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਘਾਤਕ ਤੋਪਖਾਨੇ, ਰਾਕੇਟ ਅਤੇ ਡਰੋਨ ਜਹਾਜ਼ ਆਸਟ੍ਰੇਲੀਆ ਭੇਜ ਰਿਹਾ ਹੈ। ਇਹ ਅਮਰੀਕੀ ਫ਼ੌਜੀ ਆਸਟ੍ਰੇਲੀਆਈ ਫ਼ੌਜ ਨੂੰ ਇਨ੍ਹਾਂ ਹਥਿਆਰਾਂ ਦੀ ਵਰਤੋਂ ਕਰਨੀ ਸਿਖਾਉਣਗੇ।
ਡੇਲੀਮੇਲ ਦੀ ਰਿਪੋਰਟ ਮੁਤਾਬਕ ਅਮਰੀਕੀ ਮਰੀਨ ਫੋਰਸ ਦੇ 2200 ਜਵਾਨ ਆਗਾਮੀ ਸਤੰਬਰ ਤੋਂ ਆਸਟ੍ਰੇਲੀਆ ਦੇ ਉੱਤਰੀ ਖੇਤਰ 'ਚ ਤਾਇਨਾਤ ਰਹਿਣਗੇ। ਆਸਟ੍ਰੇਲੀਆ ਦੀ ਰੱਖਿਆ ਬਲ ਮੁਤਾਬਕ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਅਮਰੀਕੀ ਪੈਦਲ ਫ਼ੌਜ ਦੇ 250 ਜਵਾਨ ਵੀ ਤਾਇਨਾਤ ਕੀਤੇ ਜਾ ਰਹੇ ਹਨ। ਇਹ ਅਮਰੀਕੀ ਫ਼ੌਜੀਆਂ ਦਾ ਸਮੂਹ ਭਾਰਤ-ਪ੍ਰਸ਼ਾਂਤ ਖੇਤਰ 'ਚ ਵਾਸ਼ਿੰਗਟਨ ਦੀ ਪਹਿਲਕਦਮੀ ਦਾ ਹਿੱਸਾ ਹੈ, ਜਿਸ ਦੇ ਜ਼ਰੀਏ ਆਉਣ ਵਾਲੇ ਸਾਲਾਂ 'ਚ ਤਾਇਵਾਨ 'ਤੇ ਚੀਨ ਦੇ ਹਮਲੇ ਦੇ ਖਤਰੇ ਦਾ ਜਵਾਬ ਦੇਣ ਦੀ ਤਿਆਰੀ ਕੀਤੀ ਜਾ ਸਕੇ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੇ ਸਮਰਥਨ 'ਚ ਜਾਨਸਨ, ਰੂਸ 'ਤੇ ਤੇਲ, ਗੈਸ ਨਿਰਭਰਤਾ ਨੂੰ ਖ਼ਤਮ ਕਰਨ ਦੀ ਕੀਤੀ ਮੰਗ
ਅਮਰੀਕਾ ਦੇ 1000 ਮਰੀਨ ਫ਼ੌਜੀ ਪਹੁੰਚੇ ਆਸਟ੍ਰੇਲੀਆ
ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡਟਨ ਨੇ ਸਤੰਬਰ ਵਿੱਚ ਚੇਤਾਵਨੀ ਦਿੱਤੀ ਸੀ ਕਿ ਚੀਨ ਨਾਲ ਟਕਰਾਅ ਨੂੰ ਘੱਟ ਨਾ ਸਮਝਿਆ ਜਾਵੇ। ਉਨ੍ਹਾਂ ਕਿਹਾ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਦੁਨੀਆ ਰੁੱਝੀ ਹੋਈ ਹੈ ਅਤੇ ਚੀਨ ਤਾਇਵਾਨ ਨੂੰ ਆਪਣੇ ਨਾਲ ਜੋੜਨ ਦੀ ਹਿੰਮਤ ਕਰ ਸਕਦਾ ਹੈ। ਅਮਰੀਕੀ ਮਰੀਨ ਦੀ ਇਸ ਤਾਇਨਾਤੀ ਤੋਂ ਇਲਾਵਾ ਦੋਵਾਂ ਦੇਸ਼ਾਂ ਦੀ ਹਵਾਈ ਸੈਨਾ ਵਿਚਾਲੇ ਸਹਿਯੋਗ ਵੀ ਵਧ ਰਿਹਾ ਹੈ। ਰਿਪੋਰਟ ਮੁਤਾਬਕ ਅਮਰੀਕਾ ਦੇ 1000 ਮਰੀਨ ਫ਼ੌਜੀ ਪਹਿਲਾਂ ਹੀ ਆਸਟ੍ਰੇਲੀਆ ਪਹੁੰਚ ਚੁੱਕੇ ਹਨ।
ਇਹ ਸਮੁੰਦਰੀ ਫ਼ੌਜੀ ਆਸਟ੍ਰੇਲੀਆਈ ਫ਼ੌਜ ਨੂੰ ਸਿਖਲਾਈ ਦੇਣਗੇ ਕਿ ਖੇਤਰ ਵਿੱਚ ਸੰਕਟ ਹੋਣ 'ਤੇ ਕਿਵੇਂ ਜਵਾਬੀ ਕਾਰਵਾਈ ਕੀਤੀ ਜਾਵੇ। ਇਸ ਵਿੱਚ ਮਾਨਵਤਾਵਾਦੀ ਸਹਾਇਤਾ, ਆਫ਼ਤ ਰਾਹਤ, ਅਮਰੀਕੀ ਦੂਤਘਰਾਂ ਨੂੰ ਸਹਾਇਤਾ ਜਾਂ ਫ਼ੌਜੀ ਕਾਰਵਾਈਆਂ ਸ਼ਾਮਲ ਹਨ। ਇਨ੍ਹਾਂ ਸੈਨਿਕਾਂ ਨੂੰ ਡਾਰਵਿਨ ਵਿੱਚ ਤਾਇਨਾਤ ਕੀਤਾ ਗਿਆ ਹੈ, ਜਿੱਥੋਂ ਦੱਖਣ ਪੂਰਬੀ ਏਸ਼ੀਆਈ ਦੇਸ਼ ਅਤੇ ਦੁਨੀਆ ਦਾ ਸਭ ਤੋਂ ਵਿਅਸਤ ਸਮੁੰਦਰੀ ਰਸਤਾ ਬਹੁਤ ਨੇੜੇ ਹੈ। ਇਸ ਕਾਰਨ ਅਮਰੀਕਾ ਦੀ ਤਾਇਨਾਤੀ ਬਹੁਤ ਜ਼ਰੂਰੀ ਹੈ। ਇਸ ਟ੍ਰੇਨਿੰਗ ਵਿੱਚ ਆਸਟ੍ਰੇਲੀਆ ਅਤੇ ਅਮਰੀਕਾ ਦੀਆਂ ਫ਼ੌਜਾਂ ਵਿਚਕਾਰ ਲਾਈਵ ਫਾਇਰ ਵੀ ਕੀਤਾ ਜਾਵੇਗਾ। ਇਹ ਐਲਾਨ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਆਸਟ੍ਰੇਲੀਆਈ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇੰਡੋ-ਪੈਸੀਫਿਕ ਖੇਤਰ 'ਚ ਤਾਨਾਸ਼ਾਹੀ ਸ਼ਾਸਨ ਫੈਲਿਆ ਤਾਂ 'ਭਰੋਸੇਯੋਗ ਫ਼ੌਜੀ ਸ਼ਕਤੀ' ਦੀ ਵਰਤੋਂ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            