ਨਿਊ ਸਾਊਥ ਵੇਲਜ਼ 'ਚ ਗਰਮੀ ਨੇ ਤੋੜਿਆ ਰਿਕਾਰਡ, 7 ਦਿਨਾਂ ਦੀ ਐਮਰਜੈਂਸੀ ਲਾਗੂ

12/19/2019 3:35:58 PM

ਸਿਡਨੀ— ਆਸਟ੍ਰੇਲੀਆ 'ਚ ਬੀਤੇ ਦਿਨੀਂ ਹੁਣ ਤਕ ਦਾ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ ਸੀ। ਨਿਊ ਸਾਊਥ ਵੇਲਜ਼ 'ਚ ਵੀਰਵਾਰ ਨੂੰ ਤਾਪਮਾਨ 41.9 ਡਿਗਰੀ ਸੈਲਸੀਅਸ ਤਕ ਪੁੱਜ ਗਿਆ ਤੇ ਗਰਮ ਹਵਾਵਾਂ ਤੇ ਜੰਗਲੀ ਅੱਗ ਕਾਰਨ ਐਮਰਜੈਂਸੀ ਐਲਾਨ ਦਿੱਤੀ ਗਈ। ਮੰਗਲਵਾਰ ਨੂੰ ਇੱਥੇ ਸਭ ਤੋਂ ਗਰਮ ਦਿਨ ਰਿਕਾਰਡ ਕੀਤਾ ਗਿਆ ਸੀ, ਹਾਲਾਂਕਿ ਉਸ ਦਿਨ ਤਾਪਮਾਨ 40.9 ਡਿਗਰੀ ਸੈਲਸੀਅਸ ਸੀ, ਤੇ ਹੁਣ ਇਹ ਰਿਕਾਰਡ ਵੀ ਟੁੱਟ ਚੁੱਕਾ ਹੈ। ਰਿਪੋਰਟ ਮੁਤਾਬਕ ਜਨਵਰੀ 2013 'ਚ 40.3 ਡਿਗਰੀ ਤਾਪਮਾਨ ਦਾ ਰਿਕਾਰਡ ਬਣਿਆ ਸੀ । ਵੀਰਵਾਰ ਨੂੰ ਸਿਡਨੀ 'ਚ ਸਵੇਰੇ-ਸਵੇਰੇ ਹੀ ਤਾਪਮਾਨ 40 ਡਿਗਰੀ ਤਕ ਪੁੱਜ ਗਿਆ ਸੀ। ਜੰਗਲੀ ਅੱਗ ਕਾਰਨ ਤਪਸ਼ ਬਹੁਤ ਵਧ ਰਹੀ ਹੈ ਤੇ ਲੋਕਾਂ ਲਈ ਸਾਹ ਲੈਣਾ ਵੀ ਔਖਾ ਹੋਇਆ ਹੈ। ਅਜਿਹੇ ਹਾਲਾਤ ਦੇਖਦੇ ਹੋਏ ਪ੍ਰੀਮੀਅਰ ਗਲਾਡੀਜ਼ ਬੈਰੇਕਲੀਅਨ ਨੇ 7 ਦਿਨਾਂ ਲਈ ਐਮਰਜੈਂਸੀ ਘੋਸ਼ਿਤ ਕਰ ਦਿੱਤੀ। ਪਿਛਲੇ ਹਫਤੇ ਤੋਂ ਬਾਅਦ ਦੂਜੀ ਵਾਰ ਅਜਿਹੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ।
 

PunjabKesari

ਆਸਟ੍ਰੇਲੀਆ ਦੇ ਜੰਗਲਾਂ 'ਚ ਫੈਲੀ ਅੱਗ ਕਾਰਨ ਹੁਣ ਤਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਤਕਰੀਬਨ 680 ਘਰ ਸੜ ਕੇ ਸਵਾਹ ਹੋ ਚੁੱਕੇ ਹਨ। ਇਹ ਹੀ ਨਹੀਂ ਤਕਰੀਬਨ 30 ਲੱਖ ਏਕੜ ਜੰਗਲ ਕੋਲੇ 'ਚ ਤਬਦੀਲ ਹੋ ਚੁੱਕਾ ਹੈ। ਸਿਡਨੀ 'ਚ 1700 ਤੋਂ ਵਧੇਰੇ ਫਾਇਰ ਫਾਈਟਰਜ਼ ਤਾਇਨਾਤ ਹਨ। ਅੱਗ ਨਾਲ ਲੜਨ ਲਈ ਇੰਨੇ ਕਰਮਚਾਰੀ ਘੱਟ ਹਨ ਕਿਉਂਕਿ ਇੱਥੇ ਤਕਰੀਬਨ 50 ਲੱਖ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਸੁਰੱਖਿਆ ਦੇਣਾ ਬਹੁਤ ਜ਼ਰੂਰੀ ਹੈ।
ਐਮਰਜੈਂਸੀ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਛੁੱਟੀਆਂ 'ਤੇ ਜਾ ਰਹੇ ਹਨ ਤੇ ਇਸ ਕਾਰਨ ਲੋਕਾਂ ਨੇ ਉਨ੍ਹਾਂ ਨੂੰ ਨਿਸ਼ਾਨੇ 'ਤੇ ਲਿਆ। ਵੀਰਵਾਰ ਨੂੰ ਲਗਭਗ 500 ਲੋਕਾਂ ਨੇ ਸਿਡਨੀ 'ਚ ਉਨ੍ਹਾਂ ਦੇ ਗ੍ਰਹਿ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਜਲਵਾਯੂ ਪਰਿਵਰਤਨ 'ਤੇ ਕਦਮ ਚੁੱਕਣ ਲਈ ਕਿਹਾ। ਮੀਡੀਆ 'ਚ ਖਬਰਾਂ ਹਨ ਕਿ ਅਗਲੇ ਹਫਤੇ ਤਕ ਨਿਊ ਸਾਊਥ ਵੇਲਜ਼ ਅਤੇ ਦੱਖਣੀ ਆਸਟ੍ਰੇਲੀਆ 'ਚ ਤਾਪਮਾਨ 45 ਡਿਗਰੀ ਤਕ ਪੁੱਜ ਜਾਵੇਗੀ।


Related News