ਬਿਹਾਰ ’ਚ ‘ਆਨੰਦ ਮੈਰਿਜ ਐਕਟ’ ਲਾਗੂ; ਸੂਰਜ ਸਿੰਘ ਨਲਵਾ ਨੇ CM ਨਿਤੀਸ਼ ਕੁਮਾਰ ਦਾ ਕੀਤਾ ਧੰਨਵਾਦ

Sunday, Jan 18, 2026 - 11:34 PM (IST)

ਬਿਹਾਰ ’ਚ ‘ਆਨੰਦ ਮੈਰਿਜ ਐਕਟ’ ਲਾਗੂ; ਸੂਰਜ ਸਿੰਘ ਨਲਵਾ ਨੇ CM ਨਿਤੀਸ਼ ਕੁਮਾਰ ਦਾ ਕੀਤਾ ਧੰਨਵਾਦ

ਅੰਮ੍ਰਿਤਸਰ (ਸਰਬਜੀਤ) - ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੂਰਬੀ ਭਾਰਤ ਦੇ ਪ੍ਰਧਾਨ ਸੂਰਜ ਸਿੰਘ ਨਲਵਾ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਬਿਹਾਰ ਵਿਚ ‘ਆਨੰਦ ਮੈਰਿਜ ਐਕਟ’ ਲਾਗੂ ਹੋਣ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ।

ਨਲਵਾ ਨੇ ਦੱਸਿਆ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਬਿਹਾਰ ਵਿਚ ਆਨੰਦ ਮੈਰਿਜ ਐਕਟ ਨੂੰ ਲਾਗੂ ਕਰਨ ਦਾ ਫ਼ੈਸਲਾ ਸਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਕਮੇਟੀ ਦੀ ਪੂਰੀ ਟੀਮ ਇਸ ਕਾਰਜ ਲਈ ਲਗਾਤਾਰ ਸੰਘਰਸ਼ ਅਤੇ ਯਤਨ ਕਰ ਰਹੀ ਸੀ। ਅੱਜ ਸਾਨੂੰ ਬੇਹੱਦ ਖ਼ੁਸ਼ੀ ਹੈ ਕਿ ਸਾਡੀ ਮਿਹਨਤ ਰੰਗ ਲਿਆਈ ਹੈ ਅਤੇ ਹੁਣ ਸਿੱਖ ਭਾਈਚਾਰੇ ਦੇ ਵਿਆਹ ਆਨੰਦ ਮੈਰਿਜ ਐਕਟ ਅਧੀਨ ਰਜਿਸਟਰ ਹੋ ਸਕਣਗੇ।

ਸੂਰਜ ਸਿੰਘ ਨਲਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਦੇਸ਼ ਦੇ 7 ਰਾਜਾਂ ਵਿਚ ਇਹ ਕਾਨੂੰਨ ਲਾਗੂ ਹੋ ਚੁੱਕਾ ਹੈ ਅਤੇ ਹੁਣ ਬਿਹਾਰ ਦੇਸ਼ ਦਾ ਅੱਠਵਾਂ ਰਾਜ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਿੱਖਾਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਹਿੰਦੂ ਮੈਰਿਜ ਐਕਟ ਅਧੀਨ ਹੁੰਦੀ ਸੀ, ਜਿਸ ਕਾਰਨ ਭਾਈਚਾਰੇ ਵਿਚ ਲੰਬੇ ਸਮੇਂ ਤੋਂ ਇਸ ਐਕਟ ਨੂੰ ਵੱਖਰੇ ਤੌਰ ’ਤੇ ਲਾਗੂ ਕਰਨ ਦੀ ਮੰਗ ਸੀ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਸਿੱਖ ਭਾਈਚਾਰੇ ਦੀਆਂ ਮੰਗਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਕੇ ਇਕ-ਇਕ ਕਰ ਕੇ ਪੂਰਾ ਕੀਤਾ ਜਾ ਰਿਹਾ ਹੈ।
 


author

Inder Prajapati

Content Editor

Related News