ਆਸਟ੍ਰੇਲੀਆ : ਅੱਗ ਲੱਗਣ ਕਾਰਨ ਲੱਗਭਗ 40 ਕਾਰਾਂ ਸੜ ਕੇ ਸੁਆਹ
Thursday, Mar 07, 2019 - 10:56 AM (IST)

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਪੱਛਮ ਵਿਚ ਬੀਤੀ ਰਾਤ ਭਿਆਨਕ ਹਾਦਸਾ ਵਾਪਰਿਆ। ਇੱਥੇ ਬੁੱਧਵਾਰ ਰਾਤ 40 ਤੋਂ ਵੱਧ ਕਾਰਾਂ ਅੱਗ ਦੀ ਚਪੇਟ ਵਿਚ ਆ ਗਈਆਂ। ਸੈਂਟ ਮੈਰੀਜ਼ ਵਿਚ ਲੀ ਹੋਲਮ ਰੋਡ 'ਤੇ ਵਾਪਰੇ ਇਸ ਹਾਦਸੇ ਦੀ ਸੂਚਨਾ ਤੁਰੰਤ ਅੱਗ ਬੁਝਾਊ ਕਰਮਚਾਰੀਆਂ ਨੂੰ ਦਿੱਤੀ ਗਈ।
ਮੌਕੇ 'ਤੇ ਪਹੁੰਚੇ ਲੱਗਭਗ 50 ਫਾਇਰ ਫਾਈਟਰਜ਼ਾਂ ਨੇ ਅੱਗ 'ਤੇ ਕਾਬੂ ਪਾਇਆ। ਕਰਮਚਾਰੀ ਪੂਰੀ ਰਾਤ ਅੱਗ 'ਤੇ ਕਾਬੂ ਪਾਉਣ ਵਿਚ ਲੱਗੇ ਰਹੇ। ਜਾਣਕਾਰੀ ਮੁਤਾਬਕ ਇਕ ਕਾਰ ਵਿਚ ਧਮਾਕਾ ਹੋਣ ਦੇ ਬਾਅਦ ਇਹ ਅੱਗ ਲੱਗੀ ਸੀ।
ਚੰਗੀ ਕਿਸਮਤ ਨਾਲ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ ਅਤੇ ਨਾ ਹੀ ਅੱਗ ਕਾਰਨ ਨੇੜਲੇ ਕਾਰੋਬਾਰਾਂ ਨੂੰ ਕੋਈ ਨੁਕਸਾਨ ਪਹੁੰਚਿਆ। ਮਾਹਰ ਕਰਮਚਾਰੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ।