ਕੋਵਿਡ-19: ਆਸਟਰੇਲੀਆ ''ਚ ਲੋੜਵੰਦਾਂ ਲਈ ਦਿਨ-ਰਾਤ ਮਿਹਨਤ ਕਰ ਰਿਹੈ ਸਿੱਖ ਭਾਈਚਾਰਾ

04/04/2020 7:01:49 PM

ਮੈਲਬੋਰਨ- ਆਸਟਰੇਲੀਆ ਵਿਚ ਸਿੱਖ ਭਾਈਚਾਰਾ ਕੋਰੋਨਾਵਾਇਰਸ ਸੰਕਟ ਦੇ ਵਿਚਾਲੇ ਕੁਆਰੰਟੀਨ ਵਿਚ ਰਹਿੰਦੇ ਹੋਏ ਸੰਘਰਸ਼ ਕਰ ਰਹੇ ਤੇ ਆਰਥਿਕ ਮੰਦਹਾਲੀ ਝੱਲ ਰਹੇ ਲੋਕਾਂ ਤੱਕ ਮੁਫਤ ਭੋਜਨ ਤੇ ਕਰਿਆਨੇ ਦਾ ਸਾਮਾਨ ਪਹੁੰਚਾਉਣ ਲਈ ਦਿਨ-ਰਾਤ ਕੰਮ ਕਰ ਰਿਹਾ ਹੈ। ਵਿਕਟੋਰੀਆ ਸੂਬੇ ਦੇ ਪ੍ਰੀਮੀਅਰ ਨੇ ਇਸ ਦੇ ਲਈ ਭਾਈਚਾਰੇ ਦਾ ਧੰਨਵਾਦ ਕੀਤਾ ਹੈ।

PunjabKesari

ਸਿੱਖ ਸਵੈ-ਸੇਵਕ ਆਸਟਰੇਲੀਆ (ਐਸ.ਵੀ.ਏ.) ਨੇ ਹਾਲ ਦੇ ਫੇਸਬੁੱਕ ਵਿਗਿਆਪਨ ਵਿਚ ਵਿਕਟੋਰੀਆ ਦੇ ਪਰਿਵਾਰਾਂ ਨੂੰ ਮੁਫਤ ਭੋਜਨ ਡਿਲਵਰੀ ਦੇ ਲਈ ਸੰਪਰਕ ਕਰਨ ਦੀ ਅਪੀਲ ਕੀਤੀ ਸੀ। ਮੇਨਿਊ ਵਿਚ ਸੂਪ ਤੋਂ ਲੈ ਕੇ ਪਾਸਤਾ ਤੇ ਚਾਵਲ ਤੋਂ ਲੈ ਕੇ ਕੜੀ ਤੱਕ ਦੀ ਵਿਵਸਥਾ ਹੈ। ਸਮੂਹ ਦੇ ਕੋਲ 20 ਡਿਲਵਰੀ ਵੈਨਾਂ ਹਨ, ਜੋ ਹਰ ਦਿਨ 800 ਪੈਕੇਟ ਭੋਜਨ ਪਹੁੰਚਾਉਂਦੇ ਹਨ। ਐਸ.ਸੀ.ਏ. ਦੇ ਮੈਂਬਰ ਮਨਪ੍ਰੀਤ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਪਹਿਲ ਤਿੰਨ ਸਾਲ ਪਹਿਲਾਂ ਮੈਲਬੌਰਨ ਦੇ ਦੱਖਣ ਪੂਰਬੀ ਹਿੱਸੇ ਵਿਚ ਸ਼ੁਰੂ ਹੋਈ ਸੀ ਤੇ ਅਸੀਂ ਬਜ਼ੁਰਗ, ਇਕੱਲੇ ਤੇ ਕੁਆਰੰਟੀਨ ਵਿਚ ਰਹਿ ਰਹੇ ਲੋੜਵੰਦਾਂ ਨੂੰ ਭੋਜਨ ਦੇ ਮੁਫਤ ਪੈਕੇਟ ਪਹੁੰਚਾ ਰਹੇ ਹਾਂ। ਉਹਨਾਂ ਕਿਹਾ ਕਿ ਅਸੀਂ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਸੇਵਾ ਸ਼ੁਰੂ ਕਰ ਦਿੱਤੀ ਹੈ ਤੇ ਸਾਨੂੰ ਉਮੀਦ ਹੈ ਕਿ ਡਿਲਵਰੀ ਵਧ ਜਾਵੇਗੀ। ਉਹਨਾਂ ਦੱਸਿਆ ਕਿ ਗਲੋਬਲ ਮਹਾਮਾਰੀ ਦੇ ਮੱਦੇਨਜ਼ਰ ਸਮੂਹ ਭੋਜਨ ਬਣਾਉਣ ਤੋਂ ਲੈ ਕੇ ਉਹਨਾਂ ਦੀ ਪੈਕਿੰਗ ਤੇ ਵੈਨ ਵਿਚ ਲੋਡ ਕਰਨ ਆਦਿ ਹਰ ਕੰਮ ਵਿਚ ਨਿਯਮਾਂ ਦਾ ਪਾਲਣ ਕਰਦਾ ਹੈ। 

PunjabKesari

ਯੂਨਾਈਟੇਡ ਸਿੱਖਸ ਨਾਂ ਦਾ ਇਕ ਹੋਰ ਸੰਗਠਨ ਮੁਫਤ ਭੋਜਨ ਤੇ ਭੋਜਨ ਨਾਲ ਸਬੰਧਿਤ ਸਮਗਰੀ ਮੁਹੱਈਆ ਕਰਵਾ ਕੇ ਲੋੜਵੰਦਾਂ ਦੀ ਮਦਦ ਲਈ ਸਾਹਮਣੇ ਆਇਆ ਹੈ। ਉਹ ਵਿਦੇਸ਼ੀ ਵਿਦਿਆਰਥੀਆਂ, ਬਜ਼ੁਰਗ ਨਾਗਰਿਕਾਂ, ਘੱਟ ਆਮਦਨ ਵਾਲੇ ਪਰਿਵਾਰਾਂ, ਅੰਗਹੀਣਾਂ ਤੇ ਕੁਆਰੰਟੀਨ ਰਹਿ ਰਹੇ ਲੋਕਾਂ ਨੂੰ ਮੈਡੀਕਲ ਸਲਾਹ ਦੇ ਬਿਨਾਂ ਮਿਲਣ ਵਾਲੀਆਂ ਦਵਾਈਆਂ ਵੀ ਮੁਹੱਈਆ ਕਰਵਾ ਰਿਹਾ ਹੈ। ਸੰਗਠਨ ਦੇ ਮੈਂਬਰ ਗੁਰਵਿੰਦਰ ਸਿੰਘ ਮੁਤਾਬਕ ਸਮੂਹ ਦਿਨ ਵਿਚ ਦੋ ਵਾਰ 100 ਤੋਂ 200 ਲੋਕਾਂ ਲਈ ਭੋਜਨ ਤਿਆਰ ਕਰਦਾ ਹੈ ਤੇ ਉਹਨਾਂ ਦੇ ਘਰਾਂ ਤੱਕ ਪਹੁੰਚਾਉਂਦਾ ਹੈ। ਗੁਰਦੁਆਰਾ ਸਾਹਿਬ ਤਰਨੇਤ ਦੇ ਪ੍ਰੀਤਮ ਸਿੰਘ ਨੇ ਕਿਹਾ ਕਿ ਉਹ ਆਪਣੀ ਵਿਅਕਤੀਗਤ ਸਮਰਥਾ ਨਾਲ ਰੋਜ਼ਾਨਾ ਤਕਰੀਬਨ 70 ਲੋਕਾਂ ਨੂੰ ਭੋਜਨ ਮੁਹੱਈਆ ਕਰਵਾਉਂਦੇ ਹਨ। ਜ਼ਿਕਰਯੋਗ ਹੈ ਕਿ ਆਸਟਰੇਲੀਆਂ ਵਿਚ ਸਿੱਖ ਭਾਈਚਾਰਾ ਆਫਤ ਵੇਲੇ ਆਪਣੀਆਂ ਭਾਈਚਾਰਕ ਸੇਵਾਵਾਂ ਕਾਰਣ ਜਾਣਿਆ ਜਾਂਦਾ ਹੈ। ਆਸਟਰੇਲੀਆ ਦੇ ਸਿੱਖ ਵਲੰਟੀਅਰਾਂ ਦੇ ਨਾਂ ਧੰਨਵਾਦ ਸੰਦੇਸ਼ ਵਿਚ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਡ੍ਰਿਊਜ਼ ਨੇ ਕਿਹਾ ਕਿ ਵਲੰਟੀਅਰਾਂ ਨੇ ਜੰਗਲ ਵਿਚ ਲੱਗੀ ਅੱਗ ਦੌਰਾਨ ਅਣਗਿਣਤ ਲੋਕਾਂ ਨੂੰ ਭੋਜਨ ਖਵਾਇਆ ਤੇ ਇਸ ਵਾਰ ਉਹ ਮੁੜ ਮਦਦ ਲਈ ਸਾਹਮਣੇ ਆਏ ਹਨ।


Baljit Singh

Content Editor

Related News