ਕੁਈਨਜ਼ਲੈਂਡ ''ਚ ਲੁਟੇਰਿਆਂ ਵੱਲੋਂ ਪੰਜਾਬੀ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ
Friday, Sep 11, 2020 - 06:37 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ 'ਚ ਪੰਜਾਬੀ ਨੌਜਵਾਨ ਤਜਿੰਦਰ ਸਿੰਘ ਦੀ ਚਾਰ ਲੁਟੇਰਿਆ ਵੱਲੋਂ ਲੁੱਟ-ਖਸੁੱਟ ਦੇ ਇਰਾਦੇ ਨਾਲ ਬੇਰਹਿਮੀ ਨਾਲ ਕੁੱਟ ਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਤਜਿੰਦਰ ਸਿੰਘ ਨੇ ਜਖਮੀ ਹਾਲਤ ‘ਚ ਮੀਡੀਆ ਨੂੰ ਦੱਸਿਆ ਕਿ ਉਹ ਸਵੇਰੇ ਪੌਣੇ ਛੇ ਵਜ਼ੇ ਦੇ ਕਰੀਬ ਕੰਮ ਲਈ ਨਿੱਕਲਿਆ ਹੀ ਸੀ ਕਿ ਹਮਲਾਵਰਾਂ ਵੱਲੋਂ ਚਾਕੂ ਦੀ ਨੋਕ ‘ਤੇ ਨਕਦੀ ਅਤੇ ਹੋਰ ਕੀਮਤੀ ਸਮਾਨ ਦੀ ਮੰਗ ਕਰਦਿਆਂ ਉਸ ਦੀ ਕੁੱਟ ਮਾਰ ਕੀਤੀ ਗਈ। ਜਿਹਨਾਂ ‘ਚ ਇਕ ਲੜਕੀ ਵੀ ਸ਼ਾਮਿਲ ਸੀ।
ਹਮਲਾਵਰਾਂ ਦੇ ਚਾਕੂ ਦੇ ਅਸਫਲ ਵਾਰ੍ਹ ਤੋਂ ਬਾਅਦ ਤਜਿੰਦਰ ਦੀ ਇਕ ਅੱਖ ਅਤੇ ਜੁਬਾੜੇ ‘ਤੇ ਗੰਭੀਰ ਸੱਟਾਂ ਮਾਰ ਕੇ ਉਹ ਫਰਾਰ ਹੋ ਗਏ। ਪੀੜਤ ਨੇ ਹੋਰ ਦੱਸਿਆ ਕਿ ਉਸ ਨੇ ਹਮਲਾਵਰਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਉਹ ਪੇਸ਼ ਨਾ ਚੱਲਦੀ ਦੇਖ ਕੁੱਟ ਮਾਰ ਤੋਂ ਬਾਅਦ ਭੱਜ ਨਿਕਲੇ। ਪੀੜਤ ਇਸ ਸਮੇਂ ਜੁਬਾੜੇ ਦੀ ਸਰਜਰੀ ਲਈ ਹਸਪਤਾਲ ‘ਚ ਜ਼ੇਰੇ ਇਲਾਜ਼ ਹੈ।
ਉਸ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਆਸਟ੍ਰੇਲੀਆ ‘ਚ ਪੰਜਾਬੀ ਪਾੜ੍ਹਿਆਂ ਨਾਲ ਲੁੱਟ-ਖਸੁੱਟ ਦੀਆਂ ਵਾਰਦਾਤਾਂ ‘ਚ ਲਗਾਤਾਰ ਵਾਧਾ ਭਾਈਚਾਰੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਤਜਿੰਦਰ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕ ਲੱਗ ਸਕੇ। ਪੁਲੀਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ ਹੈ। ਗੌਰਤਲਬ ਹੈ ਕਿ ਬ੍ਰਿਸਬੇਨ ‘ਚ ਇਸ ਤੋਂ ਪਹਿਲਾਂ ਵੀ ਅਜਿਹੀ ਘਟਨਾ ‘ਚ ਪੰਜਾਬੀ ਨੌਜ਼ਵਾਨ ਕੁੱਟ ਮਾਰ ਦਾ ਸ਼ਿਕਾਰ ਹੋ ਚੁੱਕੇ ਹਨ।