ਆਸਟ੍ਰੇਲੀਆ ''ਚ ਫਰਜ਼ੀ ਵਿਆਹ ਘਪਲੇ ਦਾ ਪਰਦਾਫਾਸ਼, ਇਕ ਪੰਜਾਬੀ ਗ੍ਰਿਫਤਾਰ

Monday, Nov 05, 2018 - 01:27 PM (IST)

ਸਿਡਨੀ (ਏਜੰਸੀ)— ਜ਼ਿਆਦਾਤਰ ਵਿਦੇਸ਼ ਜਾਣ ਵਾਲੇ ਲੋਕਾਂ ਦਾ ਸੁਪਨਾ ਉੱਥੇ ਹੀ ਸੈਟਲ ਹੋ ਜਾਣ ਦਾ ਹੁੰਦਾ ਹੈ। ਵਿਦੇਸ਼ ਵਿਚ ਪੱਕੇ ਹੋਣ ਲਈ ਕਈ ਵਾਰ ਲੋਕ ਗੈਰ ਕਾਨੂੰਨੀ ਤਰੀਕੇ ਵੀ ਵਰਤਦੇ ਹਨ। ਅਜਿਹਾ ਹੀ ਇਕ ਮਾਮਲਾ ਆਸਟ੍ਰੇਲੀਆਈ ਪੁਲਸ ਦੇ ਹੱਥ ਲੱਗਾ ਹੈ। ਇੱਥੇ ਆਸਟ੍ਰੇਲੀਆਈ ਪੁਲਸ ਨੇ ਫਰਜ਼ੀ ਵਿਆਹ ਕਰਵਾਉਣ ਦੇ ਦੋਸ਼ ਵਿਚ ਇਕ 32 ਸਾਲਾ ਪੰਜਾਬੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ ਸਾਹਮਣੇ ਆਉਣ ਦੇ ਬਾਅਦ ਹੁਣ ਕਰੀਬ 164 ਪ੍ਰਵਾਸੀਆਂ ਦੀ ਵਿਆਹ ਤੋਂ ਬਾਅਦ ਸਥਾਈ ਨਿਵਾਸ ਲਈ ਦਿੱਤੀਆਂ ਅਰਜ਼ੀਆਂ ਪਾਸ ਹੋਣ ਵਿਚ ਮੁਸ਼ਕਲਾਂ ਪੈਦਾ ਹੋ ਗਈਆਂ ਹਨ।

ਪੁਲਸ ਨੂੰ ਸ਼ੱਕ ਹੈ ਕਿ ਪੈਸੇ ਦੇਣ ਦਾ ਲਾਲਚ ਦੇ ਕੇ ਆਸਟ੍ਰੇਲੀਆਈ ਔਰਤਾਂ ਨਾਲ ਵਿਆਹ ਕਰਵਾਉਣ ਦੇ ਅਜਿਹੇ ਹੋਰ ਮਾਮਲੇ ਵੀ ਹੋ ਸਕਦੇ ਹਨ। ਇਸ਼ ਮਾਮਲੇ ਵਿਚ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਦੇ ਨਾਗਰਿਕ ਵੀ ਸ਼ੱਕੀਆਂ ਦੀ ਲਿਸਟ ਵਿਚ ਸ਼ਾਮਲ ਹਨ। ਆਸਟ੍ਰੇਲੀਆ ਦੀ ਕੇਂਦਰੀ ਪੁਲਸ ਨੇ ਸਿਡਨੀ ਵਾਸੀ ਪੰਜਾਬੀ ਦੀ ਗ੍ਰਿਫਤਾਰੀ ਤੋਂ ਪਹਿਲਾਂ ਸਾਰਾ ਮਾਮਲਾ ਇਮੀਗ੍ਰੇਸ਼ਨ ਵਿਭਾਗ ਦੇ ਧਿਆਨ ਵਿਚ ਲਿਆ ਦਿੱਤਾ ਸੀ। ਇਸ ਧੋਖਾਧੜੀ ਵਿਚ ਸ਼ਾਮਲ ਹੋਰਾਂ ਦੀ ਵੀ ਤਲਾਸ਼ ਕੀਤੀ ਜਾ ਰਹੀ ਹੈ। ਕਈ ਰਜਿਸਟਰਡ ਏਜੰਟ ਅਤੇ ਵਿਆਹ ਦੇ ਰਜਿਸਟਰੇਸ਼ਨ ਸਰਟੀਫਿਕੇਟ ਦੇਣ ਵਾਲੇ ਵੀ ਸ਼ੱਕ ਦੇ ਘੇਰੇ ਵਿਚ ਹਨ। 

ਪੁਲਸ ਵੱਲੋਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਵਿਚ 4 ਆਸਟ੍ਰੇਲੀਅਨ ਔਰਤਾਂ ਨੇ ਵੀ ਅਜਿਹੇ ਮਾਮਲਿਆਂ ਵਿਚ ਆਪਣੀ ਸ਼ਮੂਲੀਅਤ ਮੰਨੀ ਹੈ। ਪੁਲਸ ਮੁਤਾਬਕ ਇਸ ਕਿਸਮ ਦੇ ਮਾਮਲਿਆਂ ਵਿਚ ਆਮ ਤੌਰ 'ਤੇ ਸਮਾਜਿਕ ਵਿੱਤੀ ਪੱਧਰ 'ਤੇ ਔਕੜਾਂ ਦਾ ਸਾਹਮਣਾ ਕਰ ਰਹੀਆਂ ਨੌਜਵਾਨ ਔਰਤਾਂ ਸ਼ਾਮਲ ਹੁੰਦੀਆਂ ਹਨ। ਸੌਦਾ ਕਰਨ ਵਾਲੇ ਉਨ੍ਹਾਂ ਨੂੰ ਪ੍ਰਤੀ ਹਫਤਾ ਤਨਖਾਹ ਦੇਣ ਦੇ ਵੀ ਪਾਬੰਦ ਹੋ ਜਾਂਦੇ ਹਨ। ਪੁਲਸ ਦੇ ਕਾਰਜਕਾਰੀ ਜਾਂਚ ਕਮਾਂਡਰ ਕਲਿੰਟਨ ਸ਼ਿਮਜ਼ ਨੇ ਕਿਹਾ ਕਿ ਇਹ ਮਾਮਲਾ ਆਸਟ੍ਰੇਲੀਆ ਦੇ ਆਵਾਸ ਨਿਯਮਾਂ ਨਾਲ ਧੋਖਾ ਕਰਨ ਦਾ ਹੈ। ਗ੍ਰਿਫਤਾਰ ਕੀਤੇ ਗਏ ਪੰਜਾਬੀ ਨੂੰ ਸਬੰਧਤ ਅਥਾਰਿਟੀ ਨੇ ਦੋਸ਼ੀ ਪਾਇਆ ਹੈ। ਉਸ ਨੂੰ ਮਾਈਗ੍ਰੇਸ਼ਨ ਐਕਟ ਦੇ ਤਹਿਤ 2,10,000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।


Vandana

Content Editor

Related News