ਆਸਟ੍ਰੇਲੀਆ ''ਚ 12 ਸਾਲਾ ਲੜਕੀ ਬਣੀ ''ਹੀਰੋ'', ਬਚਾਈ ਭੈਣ-ਭਰਾਵਾਂ ਦੀ ਜਾਨ
Friday, Nov 16, 2018 - 05:26 PM (IST)

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਇਕ ਲੜਕੀ ਨੇ ਬਹਾਦੁਰੀ ਦਿਖਾਉਂਦਿਆਂ ਆਪਣੇ 4 ਭੈਣ-ਭਰਾਵਾਂ ਦੀ ਜਾਨ ਬਚਾਈ। ਅਧਿਕਾਰੀਆਂ ਨੇ ਇਸ 12 ਸਾਲ ਲੜਕੀ ਨੂੰ 'ਹੀਰੋ' ਦਾ ਨਾਮ ਦਿੱਤਾ ਹੈ। ਅਸਲ ਵਿਚ ਮੈਲਟਨ ਵਿਚ ਅਰੁਮਾ ਐਵੀਨਿਊ ਘਰ ਦੇ ਗੈਰਾਜ ਵਿਚ ਅੱਗ ਲੱਗ ਗਈ ਸੀ। ਇਹ ਸਮਝਿਆ ਜਾਂਦਾ ਹੈ ਕਿ ਉਸ ਸਮੇਂ ਘਰ ਵਿਚ ਸਿਰਫ 5 ਬੱਚੇ ਮੌਜੂਦ ਸਨ। ਜਿਨ੍ਹਾਂ ਵਿਚੋਂ ਉਮਰ ਵਿਚ ਸਭ ਤੋਂ ਵੱਡੀ 12 ਸਾਲਾ ਭੈਣ ਨੇ ਆਪਣੇ ਬਾਕੀ ਭੈਣ-ਭਰਾਵਾਂ ਨੂੰ ਸੁਰੱਖਿਅਤ ਬਾਹਰ ਨਿਕਲਣ ਵਿਚ ਮਦਦ ਕੀਤੀ।
ਕੰਟਰੀ ਫਾਇਰ ਅਥਾਰਿਟੀ ਦੇ ਕੀਥ ਟੇਲਰ ਨੇ ਕਿਹਾ ਕਿ ਲੜਕੀ ਦਾ ਕੰਮ ਅਸਲ ਵਿਚ ਸ਼ਾਨਦਾਰ ਸੀ। ਟੇਲਰ ਨੇ ਕਿਹਾ,''ਲੜਕੀ ਨੇ ਜੋ ਵੀ ਕੀਤਾ ਬਿਲਕੁੱਲ ਸਹੀ ਕੀਤਾ। ਉਸ ਨੇ ਪਹਿਲਾਂ ਅੱਗ ਲੱਗ ਜਾਣ ਦਾ ਐਲਾਰਮ ਸੁਣਿਆ। ਫਿਰ ਉਸ ਜਗ੍ਹਾ ਦਾ ਪਤਾ ਲਗਾਇਆ ਜਿੱਥੇ ਅੱਗ ਲੱਗੀ ਸੀ। ਇਸ ਮਗਰੋਂ ਉਸ ਨੇ ਪਿਛਲਾ ਦਰਵਾਜਾ ਬੰਦ ਕਰ ਦਿੱਤਾ ਤੇ ਆਪਣੇ ਭੈਣ-ਭਰਾਵਾਂ ਨੂੰ ਸੁਰੱਖਿਅਤ ਬਾਹਰ ਲੈ ਕੇ ਆਈ।''
ਘਰ ਨੂੰ ਅੱਗ ਲੱਗਣ ਦੇ ਕੁਝ ਦੇਰ ਬਾਅਦ ਹੀ ਬੱਚਿਆਂ ਦੀ ਮਾਂ ਵੀ ਵਾਪਸ ਆ ਗਈ ਸੀ। ਪੈਰਾਮੈਡੀਕਲ ਅਧਿਕਾਰੀਆਂ ਨੇ ਉਸ ਦਾ ਵੀ ਮੌਕੇ 'ਤੇ ਇਲਾਜ ਕੀਤਾ। ਚਸ਼ਮਦੀਦਾਂ ਮੁਤਾਬਕ ਬੱਚਿਆਂ ਦੀ ਮਾਂ ਡਰ ਨਾਲ ਕੰਬ ਰਹੀ ਸੀ। ਚੰਗੀ ਕਿਸਮਤ ਨਾਲ ਇਸ ਹਾਦਸੇ ਵਿਚ ਕੋਈ ਜ਼ਖਮੀ ਨਹੀਂ ਹੋਇਆ।
ਫਾਇਰ ਫਾਈਟਰਜ਼ਾਂ ਨੇ ਲੱਗਭਗ ਇਕ ਘੰਟੇ ਅੰਦਰ ਅੱਗ 'ਤੇ ਕਾਬੂ ਪਾ ਲਿਆ। ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਪੁਲਸ ਇਸ ਅੱਗ ਨੂੰ ਸ਼ੱਕੀ ਨਹੀਂ ਮੰਨ ਰਹੀ।