ਬਜ਼ੁਰਗ ਭਾਰਤੀ ਨੂੰ ‘ਗੁਲਾਮ’ ਬਣਾਉਣ ਦੇ ਦੋਸ਼ 'ਚ ਆਸਟ੍ਰੇਲੀਅਨ ਤਮਿਲ ਔਰਤ ਦੀ ਸਜ਼ਾ 'ਚ ਵਾਧਾ

Sunday, Jul 09, 2023 - 03:28 PM (IST)

ਮੈਲਬੌਰਨ (ਆਈ.ਏ.ਐੱਨ.ਐੱਸ.): ਇੱਕ ਆਸਟ੍ਰੇਲੀਆਈ ਤਮਿਲ ਔਰਤ ਨੂੰ ਗੁਲਾਮੀ ਮਾਮਲੇ ਦੀ ਜਾਂਚ ਦੌਰਾਨ ਨਿਆਂ ਦੇ ਰਾਹ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਢਾਈ ਸਾਲ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਗਈ। ਮਾਉਂਟ ਵੇਵਰਲੇ ਦੀ 55 ਸਾਲਾ ਕੁਮੁਥਨੀ ਕੰਨਨ ਅਤੇ ਉਸਦੇ ਪਤੀ ਕੰਦਾਸਾਮੀ ਕੰਨਨ ਨੂੰ ਆਸਟ੍ਰੇਲੀਆਈ ਫੈਡਰਲ ਪੁਲਸ (ਏਐਫਪੀ) ਦੀ ਜਾਂਚ ਤੋਂ ਬਾਅਦ 2021 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਜੇਲ੍ਹ ਭੇਜ ਦਿੱਤਾ ਗਿਆ ਸੀ। ਜਾਂਚ ਵਿਚ ਖੁਲਾਸਾ ਹੋਇਆ ਸੀ ਕਿ ਜੋੜੇ ਨੇ ਅੱਠ ਸਾਲਾਂ ਤੱਕ ਪੀੜਤਾ ਨੂੰ ਗੁਲਾਮ ਬਣਾ ਕੇ ਰੱਖਿਆ ਸੀ। ਜੋੜੇ ਨੇ ਤਾਮਿਲਨਾਡੂ ਦੀ ਪੀੜਤ ਔਰਤ ਨੂੰ ਖਾਣਾ ਬਣਾਉਣ, ਸਫਾਈ ਕਰਨ ਅਤੇ ਬੱਚਿਆਂ ਦੀ ਦੇਖਭਾਲ ਕਰਨ ਦੌਰਾਨ ਘਟੀਆ ਹਾਲਾਤ ਵਿੱਚ ਰਹਿਣ ਲਈ ਮਜ਼ਬੂਰ ਕੀਤਾ ਸੀ, ਜਦੋਂ ਤੱਕ ਕਿ ਉਸ ਦੀ ਸਥਿਤੀ ਵਿਗੜ ਨਹੀਂ ਗਈ। 

ਜੱਜ ਨੇ ਸੁਣਾਈ ਸਜ਼ਾ

ਪੁਲਸ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਪੀੜਤਾ ਦਾ ਉਮਰ ਹੁਣ ਸੱਠ ਸਾਲ ਦੇ ਕਰੀਬ ਹੈ। ਪੀੜਤਾ ਨੂੰ ਗੰਭੀਰ ਕੁਪੋਸ਼ਣ, ਸ਼ੂਗਰ ਅਤੇ ਪੈਰਾਂ ਤੇ ਹੱਥਾਂ ਦੇ ਗੈਂਗਰੀਨ ਨਾਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। 13 ਜੂਨ, 2023 ਨੂੰ ਅਪਰਾਧ ਲਈ ਦੋਸ਼ੀ ਸਵੀਕਾਰ ਕਰਨ ਤੋਂ ਬਾਅਦ ਕੁਮੁਥਿਨੀ ਨੂੰ ਸ਼ੁੱਕਰਵਾਰ ਨੂੰ ਵਿਕਟੋਰੀਆ ਦੀ ਕਾਉਂਟੀ ਅਦਾਲਤ ਵਿੱਚ ਦੋ ਸਾਲ ਅਤੇ ਛੇ ਮਹੀਨੇ ਦੀ ਵਾਧੂ ਸਜ਼ਾ ਸੁਣਾਈ ਗਈ। ਜੱਜ ਨੇ ਹੁਕਮ ਦਿੱਤਾ ਕਿ ਗੁਲਾਮੀ ਦੇ ਅਪਰਾਧਾਂ ਲਈ ਉਸਦੀ ਮੌਜੂਦਾ ਸਜ਼ਾ ਪੂਰੀ ਹੋਣ ਤੋਂ 18 ਮਹੀਨੇ ਪਹਿਲਾਂ ਸਜ਼ਾ ਸ਼ੁਰੂ ਹੋ ਜਾਵੇਗੀ। AFP ਡਿਟੈਕਟਿਵ ਸੁਪਰਡੈਂਟ ਸਿਮੋਨ ਬੁਚਰ ਨੇ ਕਿਹਾ ਕਿ "ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ ਅਤੇ ਜੋਕਰ ਕੋਈ ਵੀ ਨਿਆਂਇਕ ਪ੍ਰਕਿਰਿਆ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸਖ਼ਤ ਸਜ਼ਾ ਭੁਗਤਣੀ ਪਵੇਗੀ"। 

2021 ਵਿਚ ਗੈਰ-ਪੈਰੋਲ ਮਿਆਦ ਦੇ ਨਾਲ ਜੋੜੇ ਨੂੰ ਸੁਣਾਈ ਗਈ ਸੀ ਸਜ਼ਾ

ਇੱਥੇ ਦੱਸ ਦਈਏ ਕਿ ਪੁਲਸ ਨੇ ਜੂਨ 2016 ਵਿੱਚ ਜੋੜੇ 'ਤੇ ਗ਼ੁਲਾਮੀ ਦੇ ਜੁਰਮਾਂ ਦਾ ਦੋਸ਼ ਲਗਾਇਆ ਸੀ। 2020 ਵਿੱਚ ਮੁਕੱਦਮੇ ਦੀ ਕਾਰਵਾਈ ਦੌਰਾਨ ਕੁਮੁਥਨੀ ਨੇ ਪੀੜਤਾ ਨੂੰ ਧਮਕੀ ਦੇਣ ਅਤੇ ਅਦਾਲਤੀ ਕਾਰਵਾਈ ਦੌਰਾਨ ਗਵਾਹੀ ਨਾ ਦੇਣ ਦੀ ਚੇਤਾਵਨੀ ਦੇ ਕੇ ਨਿਆਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ AFP ਮਨੁੱਖੀ ਤਸਕਰੀ ਟੀਮ ਨੇ ਕੁਮੁਥਨੀ 'ਤੇ ਅਪਰਾਧ ਐਕਟ 1914 ਦੀ ਧਾਰਾ 43 ਦੇ ਤਹਿਤ ਨਿਆਂ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਅਤੇ ਇਸ ਮਾਮਲੇ ਨੂੰ ਗੁਲਾਮੀ ਦੀ ਕਾਰਵਾਈ ਲਈ ਵੱਖਰੇ ਤੌਰ 'ਤੇ ਸੁਣਿਆ ਗਿਆ। 2021 ਵਿੱਚ ਅਦਾਲਤ ਨੇ ਕੁਮੁਥਿਨੀ ਨੂੰ ਗੁਲਾਮੀ ਦੇ ਅਪਰਾਧਾਂ ਲਈ ਚਾਰ ਸਾਲ ਦੀ ਗੈਰ-ਪੈਰੋਲ ਮਿਆਦ ਦੇ ਨਾਲ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ। ਕੰਦਾਸਾਮੀ ਨੂੰ ਤਿੰਨ ਸਾਲ ਦੀ ਗੈਰ-ਪੈਰੋਲ ਮਿਆਦ ਦੇ ਨਾਲ ਛੇ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਆਸਟ੍ਰੇਲੀਆ ਵਿੱਚ ਘਰੇਲੂ ਗੁਲਾਮੀ ਬਾਰੇ ਆਪਣੀ ਕਿਸਮ ਦਾ ਪਹਿਲਾ ਕੇਸ ਹੈ, ਜਿੱਥੇ ਜਸਟਿਸ ਜੌਹਨ ਚੈਂਪੀਅਨ ਨੇ 2021 ਵਿੱਚ ਸਜ਼ਾ ਸੁਣਾਉਂਦੇ ਸਮੇਂ ਕਿਹਾ ਕਿ “ਕਿਸੇ ਨੇ ਵੀ ਪਛਤਾਵਾ ਜਾਂ ਦੁੱਖ ਦੀ ਭਾਵਨਾ ਨਹੀਂ ਪ੍ਰਗਟਾਈ। "  

ਪੜ੍ਹੋ ਇਹ ਅਹਿਮ ਖ਼ਬਰ-ਐਮਾਜ਼ਾਨ ਦੇ ਸਾਬਕਾ ਕਰਮਚਾਰੀ ਨੂੰ ਸੁਣਾਈ ਗਈ ਸਜ਼ਾ, ਲਗਭਗ 10 ਮਿਲੀਅਨ ਡਾਲਰ ਦੀ ਕੀਤੀ ਚੋਰੀ

ਚਾਰ ਬੱਚਿਆਂ ਦੀ ਮਾਂ ਹੈ ਪੀੜਤਾ 

ਗਾਰਡੀਅਨ ਦੀ ਇੱਕ ਰਿਪੋਰਟ ਅਨੁਸਾਰ ਪੀੜਤਾ ਚਾਰ ਬੱਚਿਆਂ ਦੀ ਮਾਂ ਹੈ, ਜੋ 2002 ਅਤੇ 2004 ਵਿੱਚ ਦੋ ਵਾਰ ਕਨਾਨ ਨਾਲ ਰਹਿਣ ਲਈ ਆਸਟ੍ਰੇਲੀਆ ਆਈ ਸੀ ਅਤੇ 2007 ਵਿੱਚ ਇੱਕ ਮਹੀਨੇ ਦੇ ਟੂਰਿਸਟ ਵੀਜ਼ੇ 'ਤੇ ਵਾਪਸ ਪਰਤੀ ਸੀ। ਪਰਿਵਾਰ ਵਿਚ ਔਰਤ ਨੂੰ ਜੋੜੇ ਦੇ ਬੱਚਿਆਂ ਦੀ ਦੇਖਭਾਲ ਕਰਨ, ਖਾਣਾ ਬਣਾਉਣਾ, ਸਫਾਈ ਅਤੇ ਦਿਨ ਵਿੱਚ 23 ਘੰਟੇ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਉਸ 'ਤੇ ਚਾਹ ਅਤੇ ਕੜ੍ਹੀ ਸੁੱਟੀ ਗਈ, ਜੰਮੇ ਹੋਏ ਚਿਕਨ ਨਾਲ ਕੁੱਟਿਆ ਗਿਆ। ਬਦਲੇ ਵਿੱਚ ਉਸਨੂੰ ਪ੍ਰਤੀ ਦਿਨ ਲਗਭਗ 3.36 ਆਸਟ੍ਰੇਲੀਅਨ ਡਾਲਰ ਦਾ ਭੁਗਤਾਨ ਕੀਤਾ ਜਾਂਦਾ ਸੀ। ਰਿਪੋਰਟ ਮੁਤਾਬਕ ਕੁਮੁਥਿਨੀ ਨੇ ਪੈਰਾਮੈਡਿਕਸ ਅਤੇ ਹਸਪਤਾਲ ਦੇ ਸਟਾਫ ਨੂੰ ਪੀੜਤਾ ਦੀ ਪਛਾਣ ਬਾਰੇ ਝੂਠ ਬੋਲਿਆ, ਇਸ ਲਈ ਉਸਨੂੰ ਗਲਤ ਨਾਮ ਹੇਠ ਦਾਖਲ ਕਰਵਾਇਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en 

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News