ਭਾਰਤੀ-ਅਮਰੀਕੀ ਸੰਸਦੀ ਮੈਂਬਰ ਟਰੰਪ ਦੇ ਸਾਲਾਨਾ ਸੰਬੋਧਨ ਦਾ ਕਰੇਗੀ ਬਾਈਕਾਟ

Wednesday, Jan 17, 2018 - 10:30 AM (IST)

ਵਾਸ਼ਿੰਗਟਨ (ਭਾਸ਼ਾ)— ਭਾਰਤੀ ਮੂਲ ਦੀ ਅਮਰੀਕੀ ਸੰਸਦੀ ਮੈਂਬਰ ਪ੍ਰਮਿਲਾ ਜੈਪਾਲ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਅਤੇ ਇਮੀਗਰੇਸ਼ਨ ਪ੍ਰਤੀ ਉਨ੍ਹਾਂ ਦੇ ਰਵੱਈਏ ਦੇ ਵਿਰੋਧ ਵਿਚ ਉਨ੍ਹਾਂ ਦੇ 'ਸਟੇਟ ਆਫ ਯੂਨੀਅਨ' ਸੰਬੋਧਨ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ। 'ਸਟੇਟ ਆਫ ਯੂਨੀਅਨ' ਉਹ ਸਾਲਾਨਾ ਸੰਬੋਧਨ ਹੈ, ਜੋ ਅਮਰੀਕੀ ਰਾਸ਼ਟਰਪਤੀ ਕਾਂਗਰਸ ਦੇ ਦੋਹਾਂ ਸਦਨਾਂ ਦੇ ਸੰਯੁਕਤ ਸੈਸ਼ਨ ਵਿਚ ਦਿੰਦੇ ਹਨ। ਇਸ ਵਿਚ ਬਜਟ, ਦੇਸ਼ ਦੀ ਆਰਥਿਕ ਰਿਪੋਰਟ, ਰਾਸ਼ਟਰਪਤੀ ਦਾ ਵਿਧਾਨਿਕ ਏਜੰਡਾ ਅਤੇ ਰਾਸ਼ਟਰੀ ਤਰਜੀਹਾਂ ਸ਼ਾਮਲ ਹੁੰਦੀਆਂ ਹਨ। 52 ਸਾਲਾ ਪ੍ਰਮਿਲਾ ਹੁਣ ਕਾਂਗਰਸ ਮੈਂਬਰ ਜਾਨ ਲੈਵਿਸ, ਫ੍ਰੈਡਰਿਕ ਵਿਲਸਨ, ਮੈਕਜਾਇਨ ਵਾਟਰਸ ਅਤੇ ਅਰਲ ਬਲੂਮੇਨਪੁਰ ਸਮੇਤ ਉਨ੍ਹਾਂ ਡੈਮੋਕ੍ਰੈਟਿਕ ਸੰਸਦੀ ਮੈਂਬਰਾਂ ਦੇ ਸਮੂਹ ਵਿਚ ਸ਼ਾਮਲ ਹੋ ਗਈ ਹੈ, ਜੋ 30 ਜਨਵਰੀ ਨੂੰ ਟਰੰਪ ਦੇ 'ਸਟੇਟ ਆਫ ਯੂਨੀਅਨ' ਵਿਚ ਸ਼ਾਮਲ ਨਹੀਂ ਹੋਣਗੇ। ਪ੍ਰਮਿਲਾ ਨੇ ਇਕ ਬਿਆਨ ਵਿਚ ਦੱਸਿਆ,''ਮੈਂ ਇਸ ਸਾਲ 'ਸਟੇਟ ਆਫ ਯੂਨੀਅਨ' ਵਿਚ ਸ਼ਾਮਲ ਨਹੀਂ ਹੋਵਾਂਗੀ। ਮੈਂ ਉਨ੍ਹਾਂ ਲੋਕਾਂ ਵਿਚੋਂ ਹਾਂ, ਜੋ ਅਜਿਹੇ ਰਾਸ਼ਟਰਪਤੀ ਦਾ ਸਨਮਾਨ ਨਹੀਂ ਕਰਨਾ ਚਾਹੁੰਦੇ, ਜਿਨ੍ਹਾਂ ਨੇ ਓਵਲ ਦਫਤਰ ਦੇ ਮੰਚ ਦੀ ਵਰਤੋਂ ਨਸਲਵਾਦ, ਲਿੰਗਭੇਦ ਅਤੇ ਨਫਰਤ ਨੂੰ ਵਧਾਵਾ ਦੇਣ ਲਈ ਕੀਤੀ।'' ਉਨ੍ਹਾਂ ਨੇ ਆਪਣੇ ਬਿਆਨ ਵਿਚ ਹੈਤੀ ਅਤੇ ਹੋਰ ਅਫਰੀਕੀ ਦੇਸ਼ਾਂ ਦੀ ਟਰੰਪ ਵੱਲੋਂ ਹਾਲ ਹੀ ਵਿਚ ਕਥਿਤ ਅਪਮਾਨਜਨਕ ਸ਼ਬਦਾਂ ਵਿਚ ਨਿੰਦਾ ਕੀਤੇ ਜਾਣ ਦਾ ਵੀ ਜਿਕਰ ਕੀਤਾ। ਪ੍ਰਮਿਲਾ ਮੁਤਾਬਕ,''ਉਹ ਟਰੰਪ ਦੀ 'ਛੋਟੀ ਅਤੇ ਸਵੈ-ਕੇਂਦਰਿਤ' ਸੋਚ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਨੇ ਲਗਾਤਾਰ ਸੰਕੇਤ ਦਿੱਤੇ ਹਨ ਕਿ ਇਕਜੁੱਟ ਦੇਸ਼ ਦੀ ਅਗਵਾਈ ਕਰਨ ਵਿਚ ਉਨ੍ਹਾਂ ਦੀ ਕੋਈ ਦਿਲਚਸਪੀ ਨਹੀਂ ਹੈ।


Related News