ਅਫਗਾਨ ਰਾਸ਼ਟਰਪਤੀ ਗਨੀ ਨੇ ਇਮਰਾਨ ਖਾਨ ਨੂੰ ਕਾਬੁਲ ਆਉਣ ਦਾ ਦਿੱਤਾ ਸੱਦਾ

Monday, Jul 30, 2018 - 03:16 PM (IST)

ਇਸਲਾਮਾਬਾਦ (ਵਾਰਤਾ)— ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਾਕਿਸਤਾਨ ਨਾਲ ਸਬੰਧ ਸੁਧਾਰਨ ਦੀਆਂ ਕੋਸ਼ਿਸ਼ਾਂ ਤਹਿਤ ਕ੍ਰਿਕਟਰ ਤੋਂ ਰਾਜਨੇਤਾ ਬਣੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖਾਨ ਨੂੰ ਕਾਬੁਲ ਆਉਣ ਦਾ ਸੱਦਾ ਦਿੱਤਾ ਹੈ। ਗਨੀ ਨੇ ਐਤਵਾਰ ਨੂੰ ਟਵੀਟ ਕੀਤਾ, ''ਮੈਂ ਇਮਰਾਨ ਖਾਨ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਅਤੇ ਉਨ੍ਹਾਂ ਨੇ ਛੇਤੀ ਹੀ ਕਾਬੁਲ ਆਉਣ ਦੀ ਇੱਛਾ ਪ੍ਰਗਟ ਕੀਤੀ ਹੈ।
ਗਨੀ ਨੇ ਅੱਗੇ ਕਿਹਾ ਕਿ ਦੋਵੇਂ ਪੱਖ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਦੋਹਾਂ ਦੇਸ਼ਾਂ ਦੇ ਤਰੱਕੀ, ਸਿਆਸੀ, ਸਮਾਜਿਕ ਅਤੇ ਆਰਥਿਕ ਭਵਿੱਖ ਲਈ ਨਵੀਂ ਨੀਂਹ ਦੀ ਸਥਾਪਨਾ ਲਈ ਸਹਿਮਤ ਹੋ ਗਏ ਹਨ। ਪੀ. ਟੀ. ਆਈ. ਦੇ ਬੁਲਾਰੇ ਫਵਾਦ ਚੌਧਰੀ ਮੁਤਾਬਕ ਇਮਰਾਨ ਖਾਨ ਨੇ ਗਨੀ ਨੂੰ ਕਿਹਾ ਹੈ ਕਿ ਪਾਕਿਸਤਾਨ, ਅਫਗਾਨਿਸਤਾਨ ਵਿਚ ਪੂਰਨ ਸ਼ਾਂਤੀ ਚਾਹੁੰਦਾ ਹੈ ਅਤੇ ਪੀ. ਟੀ. ਆਈ. ਲੀਡਰਸ਼ਿਪ ਵਾਲੀ ਸਰਕਾਰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਬਿਹਤਰ ਸਬੰਧ ਚਾਹੁੰਦੀ ਹੈ। ਖਾਨ ਨੇ ਪਾਕਿਸਤਾਨ 'ਚ ਆਮ ਚੋਣਾਂ ਤੋਂ ਬਾਅਦ ਆਪਣੇ ਸੰਬੋਧਨ ਵਿਚ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਅਫਗਾਨਿਸਤਾਨ ਨਾਲ ਬਿਹਤਰ ਸਬੰਧ ਚਾਹੁੰਦੀ ਹੈ। ਦੱਸਣਯੋਗ ਹੈ ਕਿ ਇਮਰਾਨ ਖਾਨ ਦੀ ਪਾਰਟੀ 25 ਜੁਲਾਈ ਨੂੰ ਹੋਈਆਂ ਆਮ ਚੋਣਾਂ 'ਚ 116 ਸੀਟਾਂ ਜਿੱਤ ਕੇ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ ਹੈ।


Related News