ਪੰਜਾਬੀ ਵਿਰਸੇ ਨੂੰ ਕੈਨੇਡਾ ''ਚ ਪ੍ਰਫੁੱਲਤ ਕਰਨ ''ਚ ਯੋਗਦਾਨ ਪਾ ਰਹੀ ਹੈ ਅਰਮਾਨ ਸੰਧੂ
Sunday, Jan 25, 2026 - 10:14 PM (IST)
ਵੈਨਕੂਵਰ (ਮਲਕੀਤ ਸਿੰਘ) - ਸੱਤ ਸਮੁੰਦਰੋਂ ਪਾਰ ਪ੍ਰਦੇਸ਼ਾਂ ਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਆਪਣੇ ਪੁਰਾਤਨ ਸੱਭਿਆਚਾਰ ਵਿਰਸੇ ਨਾਲ ਜੋੜੀ ਰੱਖਣ ਅਤੇ ਵਿਦੇਸ਼ੀ ਧਰਤੀ 'ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਲਈ ਪੰਜਾਬੀ ਮੁਟਿਆਰ ਅਰਮਾਨ ਸੰਧੂ ਵੱਲੋਂ ਵਿਢੇ ਉਪਰਾਲਿਆਂ ਦੀ ਸਥਾਨਕ ਪੰਜਾਬੀ ਭਾਈਚਾਰੇ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ।
ਪੰਜਾਬ ਦੇ ਜ਼ਿਲ੍ਹਾਂ ਮੋਗਾ 'ਚ ਪਿੰਡ ਘਲ ਕਲਾਂ ਨਾਲ ਸੰਬੰਧਿਤ ਅਰਮਾਨ ਸੰਧੂ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਉਸ ਦੀ ਮਾਂ ਵੱਲੋਂ ਪਿੰਡ ਪੱਧਰ ਤੋਂ ਵਿਢੇ ਅਜਿਹੇ ਉਪਰਾਲਿਆ ਤੋਂ ਪ੍ਰਭਾਵਿਤ ਹੋ ਕੇ ਉਸ ਵੱਲੋਂ ਸਟੱਡੀ ਵੀਜੇ 'ਤੇ ਕੈਨੇਡਾ ਪਹੁੰਚ ਕੇ ਫ੍ਰੀ ਟਾਈਮ ਇੱਥੇ ਆਯੋਜਿਤ ਕੀਤੇ ਜਾਂਦੇ ਵੱਖ-ਵੱਖ ਪੰਜਾਬੀ ਸੱਭਿਆਚਾਰਕ ਸਮਾਗਮਾਂ ਦੌਰਾਨ ਆਪਣੇ ਹੱਥੀ ਤਿਆਰ ਕੀਤੀਆਂ ਵਿਰਸੇ ਦੀਆਂ ਪੁਰਾਤਨ ਚੀਜ਼ਾਂ ਜਿਵੇਂ ਸਾਹੇ ਚਿੱਠੀ, ਪੁਰਾਤਨ ਸੰਦੂਕੜੀਆ, ਸੰਧਾਰੇ ਵਾਲੇ ਪੀਪੇ, ਆਰਟੀਫਿਸ਼ਅਲ ਗਹਿਣੇ, ਚੂੜੀਆਂ, ਕਲੀਰੇ ਘੱਗਰੇ ਅਤੇ ਚਰਖਿਆਂ ਦੇ ਨਾਲ-ਨਾਲ ਪੇਂਡੂ ਸੁਆਣੀਆਂ ਦੇ ਹੋਰ ਘਰੇਲੂ ਸਮਾਨ ਦੀ ਨੁਮਾਇਸ਼ ਲਗਾਈ ਜਾਂਦੀ ਹੈ। ਖਰੀਦਦਾਰੀ ਕਰਨ ਦੀਆਂ ਚਾਹਵਾਨ ਔਰਤਾਂ ਨੂੰ ਬਹੁਤ ਵਾਜਬ ਰੇਟ 'ਤੇ ਉਕਤ ਸਮਾਨ ਮੁਹਈਆ ਵੀ ਕਰਵਾਇਆ ਜਾਂਦਾ ਹੈ। ਅਰਮਾਨ ਅਨੁਸਾਰ ਉਸ ਵੱਲੋਂ ਸ਼ੌਂਕ ਤਹਿਤ ਅਪਣਾਏ ਗਏ ਇਸ ਕਾਰਜ ਵਿੱਚ ਰੁੱਝੇ ਰਹਿਣ ਕਾਰਨ ਉਸ ਨੂੰ ਮਾਨਸਿਕ ਖੁਸ਼ੀ ਦੇ ਨਾਲ-ਨਾਲ ਬਜ਼ੁਰਗਾਂ ਦੀਆਂ ਅਸੀਸਾਂ ਵੀ ਮਿਲਦੀਆਂ ਹਨ।
