ਅਮਰੀਕਾ: ਫ੍ਰੀਜ਼ਰ ''ਚ 183 ਜਾਨਵਰਾਂ ਦੇ ਅਵਸ਼ੇਸ਼ ਮਿਲਣ ਤੋਂ ਬਾਅਦ ਐਰੀਜ਼ੋਨਾ ਦਾ ਵਿਅਕਤੀ ਗ੍ਰਿਫ਼ਤਾਰ
Friday, Apr 15, 2022 - 11:41 AM (IST)
ਐਰੀਜ਼ੋਨਾ/ਅਮਰੀਕਾ (ਏਜੰਸੀ)- ਐਰੀਜ਼ੋਨਾ ਦੇ ਇੱਕ ਵਿਅਕਤੀ ਨੂੰ ਉਸਦੇ ਗੈਰੇਜ ਵਿੱਚ ਇੱਕ ਫ੍ਰੀਜ਼ਰ ਵਿੱਚ 183 ਜਾਨਵਰਾਂ ਦੇ ਅਵਸ਼ੇਸ਼ ਮਿਲਣ ਤੋਂ ਬਾਅਦ ਜਾਨਵਰਾਂ ਨਾਲ ਬੇਰਹਿਮੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਅਜਿਹਾ ਲੱਗਦਾ ਹੈ ਕਿ ਇਨ੍ਹਾਂ 'ਚੋਂ ਕੁਝ ਜਾਨਵਰਾਂ ਨੂੰ ਫ੍ਰੀਜ਼ਰ 'ਚ ਜ਼ਿੰਦਾ ਰੱਖਿਆ ਗਿਆ ਸੀ, ਜਿਸ ਕਾਰਨ ਜੰਮ ਕੇ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਸ਼ੈਰਿਫ ਦੇ ਦਫ਼ਤਰ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮੋਹਵੇ ਕਾਉਂਟੀ ਦੇ ਅਧਿਕਾਰੀਆਂ ਅਤੇ ਪਸ਼ੂ ਕੰਟਰੋਲ ਅਧਿਕਾਰੀਆਂ ਨੂੰ 3 ਅਪ੍ਰੈਲ ਨੂੰ ਇੱਕ ਗੈਰੇਜ ਦੇ ਫ੍ਰੀਜ਼ਰ ਵਿੱਚ ਜਾਨਵਰਾਂ ਦੇ ਅਵਸ਼ੇਸ਼ ਮਿਲੇ ਸਨ। ਇਸ ਤੋਂ ਪਹਿਲਾਂ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ 43 ਸਾਲਾ ਮਾਈਕਲ ਪੈਟਰਿਕ ਟਰਲੈਂਡ ਨੇ ਉਨ੍ਹਾਂ ਸੱਪਾਂ ਨੂੰ ਵਾਪਸ ਨਹੀਂ ਕੀਤਾ, ਜੋ ਉਸ ਨੇ ਪ੍ਰਜਨਨ ਲਈ ਦੋਸ਼ੀ ਨੂੰ ਸੌਂਪੇ ਸਨ। ਗੈਰੇਜ ਫ੍ਰੀਜ਼ਰ ਦੂਰ-ਦੁਰਾਡੇ ਐਰੀਜ਼ੋਨਾ ਦੀ ਗੋਲਡਨ ਵੈਲੀ ਵਿੱਚ ਵਿਅਕਤੀ ਦੇ ਪੁਰਾਣੇ ਘਰ ਵਿੱਚ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਜਾਨਵਰਾਂ ਵਿੱਚ ਕੁੱਤੇ, ਕੱਛੂ, ਕਿਰਲੀ, ਪੰਛੀ, ਸੱਪ, ਚੂਹੇ ਅਤੇ ਖਰਗੋਸ਼ ਸ਼ਾਮਲ ਹਨ। ਬਿਆਨ ਦੇ ਅਨੁਸਾਰ, "ਅਜਿਹਾ ਲੱਗਦਾ ਹੈ ਕਿ ਕਈ ਜਾਨਵਰ ਜ਼ਿੰਦਾ ਜੰਮ ਗਏ ਸਨ।"
ਇਹ ਵੀ ਪੜ੍ਹੋ: ਚੀਨ ਦੀ ਕਰਤੂਤ : ਪਾਕਿ ਦੀ ਲੈਬ ’ਚ ਬਣਾ ਰਿਹੈ ਕੋਰੋਨਾ ਤੋਂ ਵੀ ਘਾਤਕ ਜੈਵਿਕ ਹਥਿਆਰ
ਬਿਆਨ ਵਿੱਚ ਕਿਹਾ ਗਿਆ ਹੈ ਕਿ ਘਰ ਦੇ ਮਾਲਕ ਨੂੰ ਕਥਿਤ ਤੌਰ 'ਤੇ ਟਰਲੈਂਡ ਅਤੇ ਉਸਦੀ ਪਤਨੀ ਵੱਲੋਂ ਸੰਪਤੀ ਖਾਲ੍ਹੀ ਕਰਨ ਦੇ ਬਾਅਦ ਸਫ਼ਾਈ ਕਰਦੇ ਸਮੇਂ ਜੰਮੇ ਹੋਏ ਜਾਨਵਰਾਂ ਦਾ ਪਤਾ ਲੱਗਾ ਅਤੇ ਫਿਰ ਉਸ ਨੇ ਉਸ ਔਰਤ ਨਾਲ ਸੰਪਰਕ ਕੀਤਾ, ਜਿਸਨੇ ਸ਼ੈਰਿਫ ਦੇ ਦਫ਼ਤਰ ਨੂੰ ਸੂਚਿਤ ਕੀਤਾ ਸੀ। ਦਫ਼ਤਰ ਨੇ ਕਿਹਾ ਕਿ ਟਰਲੈਂਡ ਨੂੰ ਬੁੱਧਵਾਰ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਬਿਆਨ ਵਿੱਚ ਕਿਹਾ ਗਿਆ ਹੈ, "ਪੁੱਛਗਿੱਛ 'ਤੇ, ਟਰਲੈਂਡ ਨੇ ਅੰਤ ਵਿੱਚ ਕੁਝ ਜਾਨਵਰਾਂ ਨੂੰ ਫ੍ਰੀਜ਼ਰ ਵਿੱਚ ਜ਼ਿੰਦਾ ਰੱਖਣ ਦੀ ਗੱਲ ਸਵੀਕਾਰ ਕੀਤੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।