ਐਪਲ ਤੇ ਗੂਗਲ ਨੇ ਮਿਲ ਕੇ ਲਾਂਚ ਕੀਤੀ ਕੋਰੋਨਾਵਾਇਰਸ ਟ੍ਰੈਕਿੰਗ ਤਕਨੀਕ, 22 ਦੇਸ਼ਾਂ ''ਚ ਹੋਵੇਗੀ ਇਸਤੇਮਾਲ

05/21/2020 5:30:47 PM

ਵਾਸ਼ਿੰਗਟਨ— ਐਪਲ ਅਤੇ ਗੂਗਲ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਦੇ ਸੰਪਰਕ 'ਚ ਆਉਣ ਦਾ ਖਦਸ਼ਾ ਹੋਣ 'ਤੇ ਲੋਕਾਂ ਨੂੰ ਆਪਣੇ ਆਪ ਸੂਚਿਤ ਕਰਨ ਵਾਲੀ ਸਮਾਰਟਫੋਨ ਤਕਨੀਕ ਜਾਰੀ ਕੀਤੀ ਹੈ। ਦੋਵਾਂ ਕੰਪਨੀਆਂ ਨੇ ਕਿਹਾ ਹੈ ਕਿ 22 ਦੇਸ਼ ਅਤੇ ਅਮਰੀਕਾ ਦੇ ਕਈ ਰਾਜ ਉਨ੍ਹਾਂ ਦੇ ਸਾਫਟਵੇਅਰ ਦਾ ਇਸਤੇਮਾਲ ਕਰਕੇ ਸਵੈਇਛੁੱਕ ਫੋਨ ਐਪ ਤਿਆਰ ਕਰਨ ਦੀ ਯੋਜਨਾ ਪਹਿਲਾਂ ਹੀ ਬਣਾ ਰਹੇ ਹਨ। ਇਹ ਬਲੂਟੂਥ ਵਾਇਰਲੈੱਸ ਤਕਨੀਕ 'ਤੇ ਆਧਾਰਿਤ ਹੈ, ਜਿਸ ਰਾਹੀਂ ਐਪ ਨੂੰ ਡਾਊਨਲੋਡ ਕਰਨ ਵਾਲਾ ਵਿਅਕਤੀ ਜਦੋਂ ਐਪ ਦਾ ਇਸਤੇਮਾਲ ਕਰਨ ਵਾਲੇ ਕਿਸੇ ਦੂਜੇ ਵਿਅਕਤੀ ਦੇ ਨਾਲ ਕੁਝ ਸਮਾਂ ਬਤੀਤ ਕਰਦਾ ਹੈ, ਜੋ ਬਾਅਦ 'ਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਪਾਇਆ ਜਾਂਦਾ ਹੈ ਤਾਂ ਪਹਿਲੇ ਵਿਅਕਤੀ ਨੂੰ ਇਸ ਦੀ ਸੂਚਨਾ ਆਪਣੇ ਆਪ ਮਿਲ ਜਾਵੇਗੀ। ਕਈ ਸਰਕਾਰਾਂ ਨੇ ਕੋਵਿਡ-19 ਦੇ ਕਹਿਰ ਨੂੰ ਰੋਕਣ ਲਈ ਆਪਣੇ ਫੋਨ ਐਪ ਪਹਿਲਾਂ ਹੀ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਜ਼ਿਆਦਾਤਰ ਅਸਫਲ ਰਹੇ ਹਨ। ਇਨ੍ਹਾਂ 'ਚੋਂ ਕਈ ਐਪ ਨੂੰ ਐਪਲ ਅਤੇ ਐਂਡਰਾਇਡ 'ਤੇ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਨ੍ਹਾਂ ਨੂੰ ਵਿਆਪਕ ਰੂਪ ਨਾਲ ਨਹੀਂ ਅਪਣਾਇਆ ਗਿਆ। 

ਇਹ ਐਪ ਹਮੇਸ਼ਾ ਲੋਕਾਂ ਦੇ ਸਥਾਨ ਨੂੰ ਟ੍ਰੈਕ ਕਰਨ ਲਈ ਜੀ.ਪੀ.ਐੱਸ. ਦਾ ਇਸਤੇਮਾਲ ਕਰਦੇ, ਜਿਨ੍ਹਾਂ 'ਤੇ ਐਪਲ ਅਤੇ ਗੂਗਲ ਪ੍ਰਾਈਵੇਸੀ ਦੀਆਂ ਚਿੰਤਾਵਾਂ ਕਾਰਨ ਆਪਣੇ ਨਵੇਂ ਸੰਸਕਰਣਾਂ 'ਤੇ ਪਾਬੰਦੀ ਲਗਾ ਰਹੇ ਹਨ। ਕੰਪਨੀਆਂ ਨੇ ਕਿਹਾ ਹੈ ਕਿ ਉਹ 'ਸੰਪਰਕ ਟ੍ਰੇਸਿੰਗ' ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੇ, ਜੋ ਇਨਫੈਕਸ਼ਨ ਨੂੰ ਰੋਕਣ ਦਾ ਇਕ ਮਹੱਤਵਪੂਰਨ ਸਾਧਨ ਹੈ, ਸਗੋਂ ਉਨ੍ਹਾਂ ਦੀ ਸਵੈਚਾਲਿਤ 'ਐਕਸਪੋਜ਼ਰ ਨੋਟੀਫਿਕੇਸ਼ਨ' ਪ੍ਰਕਿਰਿਆ ਨੂੰ ਪੂਰਾ ਕਰਦੀ ਹੈ ਅਤੇ ਸਿਸਟਮ ਨੂੰ ਕੋਵਿਡ-19 ਵਾਇਰਸ ਫੈਲਣ ਰੋਕਣ ਵਿਚ ਮਦਦ ਕਰਦੀ ਹੈ। ਇਸ ਨਾਲ ਅਜਿਹੇ ਵਿਅਕਤੀ ਦਾ ਪਤਾ ਲਗਾਉਣ 'ਚ ਮਦਦ ਮਿਲੇਗੀ, ਜੋ ਇਨਫੈਕਟਿਡ ਹੈ ਪਰ ਜਿਸ ਵਿਚ ਲੱਛਣ ਅਜੇ ਨਹੀਂ ਦਿਖਾਈ ਦੇ ਰਹੇ। ਇਸ ਐਪ ਰਾਹੀਂ ਯੂਜ਼ਰਜ਼ ਦੀ ਪਛਾਣ ਗੁੱਪਤ ਰਹੇਗੀ। ਕੰਪਨੀਆਂ ਨੇ ਬੁੱਧਵਾਰ ਨੂੰ ਇਕ ਸਾਂਝੇ ਬਿਆਨ 'ਚ ਕਿਹਾ ਕਿ ਯੂਜ਼ਰਜ਼ ਦੁਆਰਾ ਇਸ ਦਾ ਇਸਤੇਮਾਲ ਕਰਨਾ ਹੀ ਇਸ ਦੀ ਸਫਲਤਾ ਦੀ ਕੁੰਜੀ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਪ੍ਰਾਈਵੇਸੀ ਕਾਰਨ ਲੋਕ ਇਸ ਐਪ ਦਾ ਇਸਤੇਮਾਲ ਕਰਨ ਲਈ ਉਤਸ਼ਾਹਿਤ ਹੋਣਗੇ। ਭਾਰਤ ਸਰਕਾਰ ਨੇ ਵੀ ਇਸੇ ਤਰ੍ਹਾਂ ਦਾ ਇਕ ਐਪ 'ਆਰੋਗਿਆ ਸੇਤੂ' ਵਿਕਸਿਤ ਕੀਤਾ ਹੈ।


Rakesh

Content Editor

Related News