ਦੱਖਣੀ ਮੈਲਬੌਰਨ ''ਚ ਸਾਲਾਨਾ ਜੋੜ ਮੇਲਾ 29-30 ਨੂੰ, ਕਰਵਾਏ ਜਾਣਗੇ ਖੇਡ ਮੁਕਾਬਲੇ
09/16/2018 2:38:13 PM
ਮੈਲਬੌਰਨ (ਮਨਦੀਪ ਸਿੰਘ ਸੈਣੀ)— ਦੱਖਣੀ ਮੈਲਬੌਰਨ ਵਿਚ ਸਥਿਤ ਗੁਰਦੁਆਰਾ ਬਾਬਾ ਬੁੱਢਾ ਜੀ ਅਤੇ ਬਾਬਾ ਬੁੱਢਾ ਜੀ ਸਪੋਰਟਸ ਕਲੱਬ ਪੈਕੇਨਮ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੂਜਾ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਜਗਦੇਵ ਸਿੰਘ ਅਤੇ ਸਹਿਯੋਗੀਆਂ ਨੇ ਦੱਸਿਆ ਕਿ ਇਸ ਮੌਕੇ ਢਾਡੀ ਵਾਰਾਂ, ਗਤਕਾ ਪ੍ਰਦਰਸ਼ਨ, ਸਵਾਲ-ਜਵਾਬ ਮੁਕਾਬਲੇ ਅਤੇ ਬੱਚਿਆਂ ਦੀਆਂ ਖੇਡਾਂ ਹੋਣਗੀਆਂ।
29 ਸਤੰਬਰ ਦਿਨ ਸ਼ਨੀਵਾਰ ਨੂੰ ਵਾਲੀਬਾਲ ਅਤੇ ਬੈਡਮਿੰਟਨ ਦੀਆਂ ਖੇਡਾਂ ਕਰਵਾਈਆਂ ਜਾਣਗੀਆਂ। ਇਸ ਤੋਂ ਅਗਲੇ ਦਿਨ ਯਾਨੀ ਕਿ 30 ਸਤੰਬਰ ਨੂੰ ਨੈਸ਼ਨਲ ਕਬੱਡੀ ਫੈੱਡਰੇਸ਼ਨ ਆਸਟ੍ਰੇਲੀਆ ਦੀ ਸਰਪ੍ਰਸਤੀ ਹੇਠ ਕਬੱਡੀ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ, ਜਿਸ ਵਿਚ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਪ੍ਰਬੰਧਕਾਂ ਨੇ ਦੱਸਿਆ ਕਿ ਸਥਾਨਕ ਕੌਂਸਲ ਅਤੇ ਸਮੂਹ ਸਾਧ-ਸੰਗਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰਬੰਧਕਾਂ ਨੇ ਸਮੂਹ ਸੰਗਤਾਂ ਨੂੰ ਇਸ ਜੋੜ ਮੇਲੇ ਵਿਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।