ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ ਜੋੜ ਮੇਲਾ ਸੰਪੰਨ, ਗੁਰਦਾਸ ਮਾਨ ਸਣੇ ਕਈ ਪੰਜਾਬੀ ਗਾਇਕਾਂ ਨੇ ਬੰਨ੍ਹਿਆ ਰੰਗ
Sunday, May 03, 2026 - 04:23 PM (IST)
ਨਕੋਦਰ- ਨਕੋਦਰ ਵਿਖੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ 'ਤੇ ਸਾਈਂ ਗੁਲਾਮ ਸ਼ਾਹ ਜੀ ਦੀ ਯਾਦ 'ਚ ਮਨਾਇਆ ਗਿਆ 18ਵਾਂ ਦੋ ਰੋਜ਼ਾ ਉਰਸ (ਜੋੜ ਮੇਲਾ) ਯਾਦਗਾਰੀ ਢੰਗ ਨਾਲ ਸੰਪੰਨ ਹੋਇਆ। ਇਸ ਮੇਲੇ ਦੌਰਾਨ ਦਿੱਗਜ ਪੰਜਾਬੀ ਗਾਇਕਾਂ ਨੇ ਆਪਣੀ ਕਲਾ ਨਾਲ ਪੰਡਾਲ 'ਚ ਅਜਿਹਾ ਰੰਗ ਬੰਨ੍ਹਿਆ ਕਿ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀ ਸੰਗਤ ਝੂਮਣ ਲਈ ਮਜਬੂਰ ਹੋ ਗਈ। ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਟਰੱਸਟ ਦੇ ਚੇਅਰਮੈਨ ਅਤੇ ਮਸ਼ਹੂਰ ਗਾਇਕ ਗੁਰਦਾਸ ਮਾਨ ਵੱਲੋਂ ਝੰਡਾ ਚੜ੍ਹਾਉਣ ਦੀ ਰਸਮ ਨਾਲ ਕੀਤੀ ਗਈ ਅਤੇ ਰਾਤ ਦੇ ਸਮੇਂ ਕਵਾਲੀਆਂ ਦਾ ਪ੍ਰੋਗਰਾਮ ਕਰਵਾਇਆ ਗਿਆ।
ਇਹ ਵੀ ਪੜ੍ਹੋ: Pinkoo TV ਨੇ ਸ਼ੇਅਰ ਕੀਤੀ 'ਬੱਚਿਆਂ ਨਾਲ ਬੱਚਾ' ਵੀਡੀਓ! ਵੇਖ ਤੁਹਾਨੂੰ ਵੀ ਯਾਦ ਆਵੇਗਾ ਆਪਣਾ ਬਚਪਨ

ਨਾਮੀ ਕਲਾਕਾਰਾਂ ਦੀ ਹਾਜ਼ਰੀ
ਦੂਜੇ ਦਿਨ ਦੇ ਪ੍ਰੋਗਰਾਮ 'ਚ ਮਾਸਟਰ ਸਲੀਮ, ਕੰਵਰ ਗ੍ਰੇਵਾਲ, ਜੀ ਖਾਨ, ਰਿਆਜ਼ ਅਲੀ ਅਤੇ ਲਵਿਸ਼ ਚੌਹਾਨ ਵਰਗੇ ਨਾਮੀ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਗਾਇਕ ਕੇ. ਐਸ. ਮੱਖਣ ਵੀ ਮੌਜੂਦ ਸਨ। ਗੁਰਦਾਸ ਮਾਨ ਨੇ ਗਣੇਸ਼ ਵੰਦਨਾ ਨਾਲ ਆਪਣੀ ਪੇਸ਼ਕਾਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅਤੇ ਹੋਰ ਗਾਇਕਾਂ ਨੇ 'ਸੋਹਣਿਆ', 'ਜੁਗ ਜੁਗ ਜੀਣ', 'ਪੰਜਾਬੀ ਦੀ ਮਾਤ ਭਾਸ਼ਾ', 'ਕਮਾਲ ਹੋ ਗਿਆ ਸਾਈਂ ਜੀ' ਅਤੇ 'ਸਾਈਂ ਜੀ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ।

ਇਹ ਵੀ ਪੜ੍ਹੋ: Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ

ਸਟੇਜ ਸੰਚਾਲਨ
ਮੇਲੇ ਦੇ ਪਹਿਲੇ ਦਿਨ ਸਟੇਜ ਦਾ ਸੰਚਾਲਨ ਰਾਕੇਸ਼ ਕੇਸ਼ੂ ਅਤੇ ਹੇਮੰਤ ਵਾਲੀ ਵੱਲੋਂ ਕੀਤਾ ਗਿਆ, ਜਦਕਿ ਦੂਜੇ ਦਿਨ ਦੀ ਜ਼ਿੰਮੇਵਾਰੀ ਰਣਜੀਤ ਮਾਨ ਨੇ ਸੰਭਾਲੀ। ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਡੇਰਾ ਬਾਬਾ ਮੁਰਾਦ ਸ਼ਾਹ ਟਰੱਸਟ ਵੱਲੋਂ ਸੰਗਤ ਲਈ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਗਏ ਸਨ। ਲੰਗਰ ਭੰਡਾਰੇ 'ਚ ਠੰਡੇ ਪਾਣੀ ਦੀਆਂ ਟੈਂਕੀਆਂ ਲਗਾਈਆਂ ਗਈਆਂ ਸਨ ਅਤੇ ਸਾਫ਼-ਸਫ਼ਾਈ ਦੇ ਵੀ ਸ਼ਲਾਘਾਯੋਗ ਪ੍ਰਬੰਧ ਸਨ। ਇਸ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਵੱਲੋਂ ਆਵਾਜਾਈ ਨੂੰ ਸੁਚਾਰੂ ਰੱਖਣ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਆਪਕ ਇੰਤਜ਼ਾਮ ਕੀਤੇ ਗਏ ਸਨ।
ਇਹ ਵੀ ਪੜ੍ਹੋ: ਉੱਜੜਿਆ ਹੱਸਦਾ-ਵੱਸਦਾ ਘਰ! ਨਸ਼ੇ ਲਈ ਪੈਸੇ ਨਾ ਮਿਲਣ 'ਤੇ ਨੌਜਵਾਨ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
