''''ਕੱਟੜ ਇਸਲਾਮੀ ਅੱਤਵਾਦ ਖ਼ਿਲਾਫ਼ ਇਕੱਠੀ ਹੋਵੇ ਦੁਨੀਆ..!'''', ਸਿਡਨੀ ਹਮਲੇ ''ਤੇ ਟਰੰਪ ਦਾ ਸਖ਼ਤ ਸੰਦੇਸ਼
Wednesday, Dec 17, 2025 - 10:26 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿਡਨੀ ਦੇ ਬੌਂਡੀ ਬੀਚ 'ਤੇ ਯਹੂਦੀ ਤਿਉਹਾਰ ਹਨੂਕਾਹ ਸਮਾਰੋਹ ਦੌਰਾਨ ਹੋਏ ਯਹੂਦੀ-ਵਿਰੋਧੀ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵ੍ਹਾਈਟ ਹਾਊਸ ਵਿੱਚ ਹਨੂਕਾਹ ਸਮਾਰੋਹ ਦੀ ਸ਼ੁਰੂਆਤ ਕਰਦਿਆਂ, ਟਰੰਪ ਨੇ ਆਸਟ੍ਰੇਲੀਆਈ ਲੋਕਾਂ ਲਈ ਪਿਆਰ ਅਤੇ ਪ੍ਰਾਰਥਨਾਵਾਂ ਭੇਜੀਆਂ।
ਜ਼ਿਕਰਯੋਗ ਹੈ ਕਿ ਇਸ ਅੱਤਵਾਦੀ ਹਮਲੇ ਵਿੱਚ 15 ਲੋਕ ਮਾਰੇ ਗਏ ਅਤੇ 25 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਗਈ ਹੈ। ਮਾਰੇ ਗਏ ਲੋਕਾਂ ਦੀ ਉਮਰ 10 ਤੋਂ 87 ਸਾਲਾਂ ਦੇ ਵਿਚਕਾਰ ਸੀ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵੀ ਇਸ ਘਟਨਾ ਨੂੰ ਯਹੂਦੀ ਵਿਰੋਧੀ ਅੱਤਵਾਦੀ ਕਾਰਾ ਦੱਸਿਆ ਹੈ। ਪੁਲਸ ਨੇ ਦੱਸਿਆ ਕਿ ਇਹ ਹਮਲਾਵਰ ਇਸਲਾਮਿਕ ਸਟੇਟ (IS) ਤੋਂ ਪ੍ਰੇਰਿਤ ਸਨ।
ਇਸ ਹਮਲੇ ਨੂੰ ਦੇਖਦੇ ਹੋਏ ਟਰੰਪ ਨੇ ਕਿਹਾ ਕਿ ਸਾਰੀਆਂ ਕੌਮਾਂ ਨੂੰ ਕੱਟੜਪੰਥੀ ਇਸਲਾਮੀ ਅੱਤਵਾਦੀ ਤਾਕਤਾਂ ਦੇ ਖਿਲਾਫ ਇੱਕਜੁੱਟ ਹੋਣਾ ਚਾਹੀਦਾ ਹੈ ਤੇ ਅਤੇ ਅਮਰੀਕਾ ਅਜਿਹਾ ਹੀ ਕਰ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਯਹੂਦੀ ਲੋਕਾਂ ਦਾ ਸਮਰਥਨ ਕਰਨਗੇ।
ਰਿਪੋਰਟਾਂ ਅਨੁਸਾਰ ਗੋਲੀਬਾਰੀ ਕਰਨ ਵਾਲਿਆਂ ਵਿੱਚ ਇੱਕ 50 ਸਾਲਾ ਬੰਦੂਕਧਾਰੀ ਅਤੇ ਉਸ ਦਾ 24 ਸਾਲਾ ਪੁੱਤਰ ਸ਼ਾਮਲ ਸਨ। ਪੁਲਸ ਨੇ ਇੱਕ ਬੰਦੂਕਧਾਰੀ ਨੂੰ ਢੇਰ ਕਰ ਦਿੱਤਾ, ਜਦਕਿ ਦੂਸਰਾ ਹਸਪਤਾਲ ਵਿੱਚ ਜ਼ਖਮੀ ਹਾਲਤ ਵਿੱਚ ਇਲਾਜ ਅਧੀਨ ਹੈ।
