ਅਮਰੀਕੀ ਵਿਦਿਆਰਥੀ ਦੀ ਮੌਤ ਤੋਂ ਬਾਅਦ ਨਿੱਕੀ ਹੈਲੀ ਨੇ ਉੱਤਰੀ ਕੋਰੀਆ ''ਤੇ ਸਾਧਿਆ ਨਿਸ਼ਾਨਾ
Tuesday, Jun 20, 2017 - 02:37 PM (IST)

ਨਿਊਯਾਰਕ— ਉੱਤਰੀ ਕੋਰੀਆ ਵਲੋਂ ਰਿਹਾਅ ਕੀਤੇ ਜਾਣ ਤੋਂ ਬਾਅਦ ਦਮ ਤੋੜਨ ਵਾਲੇ 22 ਸਾਲਾ ਅਮਰੀਕੀ ਵਿਦਿਆਰਥੀ ਓਟੋ ਵਾਰਮਬੀਅਰ ਦੀ ਮੌਤ ਨੂੰ ਲੈ ਕੇ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀ ਰਾਜਦੂਤ ਨਿੱਕੀ ਹੈਲੀ ਨੇ ਉੱਤਰੀ ਕੋਰੀਆ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਵਿਦਿਆਰਥੀ ਦੀਆਂ ਯਾਦਾਂ ਉੱਤਰੀ ਕੋਰੀਆਈ ਸ਼ਾਸਨ ਦੀ ਬੇਰਹਿਮ ਤਾਨਾਸ਼ਾਹੀ ਦੀ ਅਜਿਹੀ ਯਾਦ ਬਣ ਜਾਵੇਗੀ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਵਾਰਮਬੀਅਰ ਯੂਨੀਵਰਸਿਟੀ ਆਫ ਵਰਜੀਨੀਆ ਦਾ ਵਿਦਿਆਰਥੀ ਸੀ ਅਤੇ ਉਹ ਚੀਨ ਦੀ ਯਾਤਰਾ ਦੌਰਾਨ ਉੱਤਰੀ ਕੋਰੀਆ ਗਿਆ ਸੀ। ਉਸ ਨੂੰ ਜਨਵਰੀ 2016 'ਚ ਪਯੋਂਗਯਾਂਗ ਹਵਾਈ ਅੱਡੇ 'ਤੇ ਦੇਸ਼ ਦੀ ਤਾਨਾਸ਼ਾਹੀ ਸਰਕਾਰ ਵਿਰੁੱਧ ਦੁਸ਼ਮਣੀ ਭਰੇ ਕੰਮ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਸੀ। ਇਹ ਦੋਸ਼ ਮਾੜੇ ਪ੍ਰਚਾਰ ਨਾਲ ਜੁੜਿਆ ਇਕ ਪੋਸਟਰ ਚੋਰੀ ਕਰਨ ਦੀ ਕੋਸ਼ਿਸ਼ ਕਾਰਨ ਲਾਇਆ ਗਿਆ ਸੀ। ਵਾਰਮਬੀਅਰ ਨੂੰ ਪਿਛਲੇ ਹਫਤੇ ਹੀ ਜੇਲ 'ਚੋਂ ਰਿਹਾਅ ਕੀਤਾ ਗਿਆ ਸੀ ਅਤੇ ਕੋਮਾ ਦੀ ਸਥਿਤੀ 'ਚ ਹੀ ਘਰ ਭੇਜ ਦਿੱਤਾ ਗਿਆ ਸੀ। ਇਕ ਸਾਲ ਤੋਂ ਵਧ ਸਮੇਂ ਤੋਂ ਉਹ ਕੋਮਾ 'ਚ ਸੀ। ਸੋਮਵਾਰ ਭਾਵ ਕੱਲ ਸਿਨਸਿਨਾਤੀ ਹਸਪਤਾਲ 'ਚ ਉਸ ਦਾ ਦਿਹਾਂਤ ਹੋ ਗਿਆ ਸੀ। ਹੈਲੀ ਨੇ ਕਿਹਾ ਕਿ ਵਾਰਮਬੀਅਰ ਦੀਆਂ ਯਾਦਾਂ ਉਸ ਦੇ ਪਰਿਵਾਰ ਨੂੰ ਉਸ ਦੀ ਮੌਜੂਦਗੀ ਦਾ ਅਹਿਸਾਸ ਦਿਵਾਉਣਗੀਆਂ ਪਰ ਇਹ ਯਾਦਾਂ ਸਾਨੂੰ ਉੱਤਰੀ ਕੋਰੀਆ ਦੀ ਬੇਰਹਿਮ ਤਾਨਾਸ਼ਾਹੀ ਦੀ ਵੀ ਵਾਰ-ਵਾਰ ਯਾਦ ਦਿਵਾਉਣਗੀਆਂ।