ਗੁਰਦਾਸਪੁਰ ਤੋਂ ਜਲੰਧਰ ''ਚ ਸਰਜਰੀ ਕਰਵਾਉਣ ਆਈ ਕੁੜੀ ਦੀ ਇਲਾਜ ਦੌਰਾਨ ਮੌਤ, ਪਰਿਵਾਰ ਵੱਲੋਂ ਹੰਗਾਮਾ
Thursday, Jun 26, 2025 - 03:02 PM (IST)

ਜਲੰਧਰ (ਸ਼ੋਰੀ)–ਚਿਕਚਿਕ ਚੌਂਕ ਕੋਲ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਬੀਤੇ ਦਿਨ ਹੰਗਾਮਾ ਵੇਖਣ ਨੂੰ ਮਿਲਿਆ। ਅਸਲ ਵਿਚ 30 ਸਾਲਾ ਇਕ ਕੁੜੀ ਨੇ ਹਸਪਤਾਲ ਵਿਚ ਮਾਈਨਰ ਸਪਾਈਨ ਸਰਜਰੀ ਕਰਵਾਈ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰ ਦਾ ਦੋਸ਼ ਹੈ ਕਿ ਡਾਕਟਰ ਅਤੇ ਸਟਾਫ਼ ਦੀ ਲਾਪ੍ਰਵਾਹੀ ਕਾਰਨ ਔਰਤ ਦੀ ਮੌਤ ਹੋਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਇਸ ਦੌਰਾਨ ਹਸਪਤਾਲ ਵਿਚ ਵੀ ਹੰਗਾਮਾ ਵੇਖਣ ਨੂੰ ਮਿਲਿਆ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਨੰਬਰ 2 ਦੇ ਐੱਸ. ਐੱਚ. ਓ. ਜਸਵਿੰਦਰ ਸਿੰਘ ਗਿੱਲ ਵੀ ਮੌਕੇ ’ਤੇ ਪਹੁੰਚੇ।
ਇਹ ਵੀ ਪੜ੍ਹੋ: Punjab: ਬਿਜਲੀ ਖ਼ਪਤਕਾਰਾਂ ਲਈ ਚੰਗੀ ਖ਼ਬਰ, ਸ਼ੁਰੂ ਹੋਇਆ ਨਵਾਂ ਪ੍ਰਾਜੈਕਟ, ਮਿਲੇਗੀ ਵੱਡੀ ਰਾਹਤ
ਭਾਜਪਾ ਨੇਤਾ ਅਸ਼ੋਕ ਸਰੀਨ ਹਿੱਕੀ ਨੇ ਮੰਗ ਕੀਤੀ ਕਿ ਮੁਲਜ਼ਮ ਡਾਕਟਰ ਅਤੇ ਸਟਾਫ਼ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਪੁਲਸ ਨੇ ਮ੍ਰਿਤਕਾ ਸੋਨਮ ਮੁਲਤਾਨੀ ਪਤਨੀ ਹਰਦੀਪ ਸਿੰਘ ਵਾਸੀ ਪਿੰਡ ਨਵਾਂਸ਼ਾਲਾ ਜ਼ਿਲ੍ਹਾ ਗੁਰਦਾਸਪੁਰ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕਾ ਦੇ ਪਿਤਾ ਕਰਨਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਨਵਾਂਸ਼ਾਲਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਬੇਟੀ ਨੂੰ ਉਕਤ ਹਸਪਤਾਲ ਵਿਚ ਡਾਕਟਰ ਕੋਲ ਮਾਈਨਰ ਸਪਾਈਨ ਸਰਜਰੀ ਕਰਨ ਲਈ ਲੈ ਕੇ ਆਏ ਸਨ।
ਇਸ ਤੋਂ ਪਹਿਲਾਂ ਵੀ ਉਹ ਉਕਤ ਹਸਪਤਾਲ ਵਿਚ ਬੇਟੀ ਦਾ ਚੈੱਕਅਪ ਕਰਵਾ ਚੁੱਕੇ ਹਨ। ਬੇਟੀ ਨੂੰ ਬੀਤੇ ਦਿਨ ਸ਼ਾਮ 4 ਵਜੇ ਡਾਕਟਰ ਅਤੇ ਸਟਾਫ਼ ਆਪ੍ਰੇਸ਼ਨ ਥੀਏਟਰ ਵਿਚ ਲੈ ਗਏ। ਲਗਭਗ 5 ਘੰਟੇ ਬੀਤ ਜਾਣ ਤੋਂ ਬਾਅਦ ਵੀ ਡਾਕਟਰ ਅਤੇ ਸਟਾਫ਼ ਨੇ ਬੇਟੀ ਦੀ ਸਿਹਤ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ। ਪੀੜਤ ਕਰਨਜੀਤ ਸਿੰਘ ਮੁਤਾਬਕ ਰਾਤ ਲੱਗਭਗ 9.15 ਵਜੇ ਉਸ ਨੂੰ ਡਾਕਟਰ ਨੇ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਸੋਨਮ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਅਤੇ ਉਸ ਦੇ ਪੇਟ ਵਿਚ ਖ਼ੂਨ ਭਰਨ ਕਾਰਨ ਤੁਰੰਤ ਪੇਟ ਦੀ ਸਰਜਰੀ ਕਰ ਕੇ ਖ਼ੂਨ ਬਾਹਰ ਕੱਢਣਾ ਪਵੇਗਾ।
ਇਹ ਵੀ ਪੜ੍ਹੋ: Punjab: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, 8 ਮਹੀਨੇ ਪਹਿਲਾਂ ਅਮਰੀਕਾ ਗਏ ਨੌਜਵਾਨ ਦੀ ਮੌਤ
ਡਾਕਟਰ ਦੇ ਕਹਿਣ ’ਤੇ ਉਹ ਆਪਣੀ ਬੇਟੀ ਦੀ ਜਾਨ ਬਚਾਉਣ ਲਈ ਸਰਜਰੀ ਕਰਵਾਉਣ ਲਈ ਤਿਆਰ ਹੋ ਗਿਆ ਪਰ ਬਾਅਦ ਵਿਚ ਉਸ ਨੂੰ ਕਿਹਾ ਗਿਆ ਕਿ ਬੇਟੀ ਬੇਹੋਸ਼ ਹੋ ਗਈ ਹੈ। ਕਰਨਜੀਤ ਸਿੰਘ ਦਾ ਦੋਸ਼ ਹੈ ਕਿ ਡਾਕਟਰ ਅਤੇ ਸਟਾਫ਼ ਵੱਲੋਂ ਮਾਈਨਰ ਸਪਾਈਨ ਸਰਜਰੀ ਦਾ ਆਪ੍ਰੇਸ਼ਨ ਠੀਕ ਤਰ੍ਹਾਂ ਨਾਲ ਨਾ ਕਰਨ ਕਾਰਨ ਬੇਟੀ ਦੇ ਪੇਟ ਵਿਚ ਖ਼ੂਨ ਭਰ ਗਿਆ। ਉਥੇ ਹੀ ਭਾਜਪਾ ਨੇਤਾ ਅਸ਼ੋਕ ਸਰੀਨ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਬੋਰਡ ਤਿਆਰ ਕਰਕੇ ਵੀਡੀਓਗ੍ਰਾਫ਼ੀ ਕਰਕੇ ਮ੍ਰਿਤਕਾ ਦਾ ਪੋਸਟਮਾਰਟਮ ਕੀਤਾ ਜਾਵੇ।
ਝੂਠੇ ਹਨ ਸਾਰੇ ਦੋਸ਼ : ਬੋਲੇ ਡਾਕਟਰ
ਉਥੇ ਹੀ ਉਕਤ ਹਸਪਤਾਲ ਦੇ ਡਾਕਟਰ ਨੇ ਪਰਿਵਾਰ ਵੱਲੋਂ ਲਗਾਏ ਦੋਸ਼ਾਂ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਮਰੀਜ਼ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਮਾਈਨਰ ਸਪਾਈਨ ਸਰਜਰੀ ਵੀ ਠੀਕ ਤਰ੍ਹਾਂ ਕੀਤੀ ਪਰ ਔਰਤ ਦਾ ਬੀ. ਪੀ. ਬਹੁਤ ਘੱਟ ਸੀ ਅਤੇ ਪੇਟ ਵਿਚ ਵੀ ਖੂਨ ਜਮ੍ਹਾ ਹੋਣ ਲੱਗਾ ਸੀ। ਮੌਤ ਦਾ ਕਾਰਨ ਕਿਸੇ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਹੈ। ਅਜਿਹੇ ਕਈ ਆਪ੍ਰੇਸ਼ਨ ਉਨ੍ਹਾਂ ਨੇ ਕੀਤੇ ਹਨ, ਜੋ ਸਫਲ ਰਹੇ ਹਨ।
ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ, ਖੜ੍ਹੀ ਹੋਈ ਵੱਡੀ ਮੁਸੀਬਤ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e