ਹੁਣ ਅਮਰੀਕੀ ਸੀਕਰੇਟਸ ਤੱਕ ਨਹੀਂ ਹੋਵੇਗੀ ਟਰੰਪ ਦੇ ਜਵਾਈ ਦੀ ਪਹੁੰਚ

Wednesday, Feb 28, 2018 - 12:45 PM (IST)

ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੈਰੇਡ ਕੁਸ਼ਨਰ ਦਾ ਸੁਰੱਖਿਆ ਕਲੀਅਰੈਂਸ ਹਟਾ ਦਿੱਤਾ ਗਿਆ ਹੈ, ਜਿਸ ਕਾਰਨ ਹੁਣ ਦੇਸ਼ ਦੇ ਸ਼ਿਖਰ ਸੁਰੱਖਿਆ ਦਸਤਾਵੇਜ਼ਾਂ ਤੱਕ ਉਨ੍ਹਾਂ ਦੀ ਪਹੁੰਚ ਨਹੀਂ ਹੋਵੇਗੀ। ਮਾਮਲੇ ਨਾਲ ਸਬੰਧਤ ਸੂਤਰਾਂ ਨੇ ਅੱਜ ਦੱਸਿਆ ਕਿ ਇਹ ਅਮਰੀਕੀ ਪ੍ਰਸ਼ਾਸਨ ਲਈ ਸੰਭਾਵਿਤ ਗੰਭੀਰ ਪ੍ਰਭਾਵ ਵਾਲਾ ਫੈਸਲਾ ਹੋਵੇਗਾ। ਕਿਉਂਕਿ ਸੁਰੱਖਿਆ ਕਲੀਅਰੈਂਸ ਬਹੁਤ ਗੁਪਤ ਹੁੰਦਾ ਹੈ। ਇਸ ਲਈ ਮਾਮਲੇ ਵਿਚ ਖੁਦ ਨੂੰ ਉਜਾਗਰ ਨਾ ਕੀਤੇ ਜਾਣ ਦੀ ਸ਼ਰਤ 'ਤੇ 2 ਸੂਤਰਾਂ ਨੇ ਅਮਰੀਕੀ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ, ਜਿਨ੍ਹਾਂ ਵਿਚ ਵ੍ਹਾਈਟ ਹਾਊਸ ਦੇ ਸਹਾਇਕ ਦੀ ਅਮਰੀਕਾ ਦੇ ਜ਼ਿਆਦਾਤਰ ਗੁਪਤ ਦਸਤਾਵੇਜ਼ਾਂ ਤੱਕ ਪਹੁੰਚ ਖਤਮ ਕਰਨ ਦੀ ਗੱਲ ਕਹੀ ਗਈ ਸੀ ਪਰ ਵ੍ਹਾਈਟ ਹਾਊਸ ਅਤੇ ਖੁਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮੁੱਦੇ 'ਤੇ ਟਿੱਪਣੀ ਤੋਂ ਇਨਕਾਰ ਕੀਤਾ। ਹਾਲਾਂਕਿ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਫੈਸਲੇ ਦਾ ਕੁਸ਼ਨਰ ਦੀ ਭੂਮਿਕਾ 'ਤੇ ਕੋਈ ਅਸਰ ਨਹੀਂ ਪਏਗਾ।
ਅਮਰੀਕਾ ਦੀ 'ਟੌਪ ਸੀਕਰੇਟ/ਸੈਂਸੀਟਿਵ ਕੰਪਾਰਟਮੈਂਟ ਇਨਫੋਰਮੇਸ਼ਨ' ਤੱਕ ਕੁਸ਼ਨਰ (37) ਦੀ ਪਹੁੰਚ ਨਾ ਹੋਣ ਨਾਲ ਵ੍ਹਾਈਟ ਹਾਊਸ ਦੇ ਅੰਦਰ ਅਤੇ ਪੱਛਮੀ ਏਸ਼ੀਆ ਸ਼ਾਂਤੀ ਗੱਲਬਾਤ ਵਿਚ ਸੱਤਾ ਦੇ ਕਰੀਬੀ ਦੇ ਤੌਰ 'ਤੇ ਉਨ੍ਹਾਂ ਦੀ ਸਮਰਥਾ 'ਤੇ ਗੰਭੀਰ ਸ਼ੱਕ ਪੈਦਾ ਹੋ ਗਿਆ ਹੈ। ਦੋ ਨਿਊਜ਼ ਚੈਨਲਾਂ ਨੇ ਬੀਤੇ ਹਫਤੇ ਸਭ ਤੋਂ ਪਹਿਲਾਂ ਰਿਪੋਰਟ ਕੀਤੀ ਸੀ ਕਿ ਕੁਸ਼ਨਰ ਦਾ ਸੁਰੱਖਿਆ ਕਲੀਅਰੈਂਸ ਹਟਾਇਆ ਜਾ ਸਕਦਾ ਹੈ ਪਰ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਜੋਨ ਕੇਲੀ ਨੇ ਇਕ ਬਿਆਨ ਵਿਚ ਕਿਹਾ, 'ਮੈਂ ਕਿਸੇ ਵੀ ਵਿਸ਼ੇਸ਼ ਸੁਰੱਖਿਆ ਕਲੀਅਰੈਂਸ ਮਾਮਲੇ 'ਤੇ ਟਿੱਪਣੀ ਨਹੀਂ ਕਰਾਂਗਾ।' ਹਾਲਾਂਕਿ ਇਸ ਫੈਸਲੇ ਨਾਲ ਇਵਾਂਕਾ ਟਰੰਪ ਦਾ ਵੀ ਸੁਰੱਖਿਆ ਕਲੀਅਰੈਂਸ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ।


Related News