ਅਮਰੀਕੀ ਸੰਸਦ ਨੇੜੇ ਬੰਦੂਕ ਤੇ 500 ਗੋਲੀਆਂ ਦੇ ਨਾਲ ਮਿਲਿਆ ਸ਼ਖਸ, ਵਧਾਈ ਗਈ ਸੁਰੱਖਿਆ
Sunday, Jan 17, 2021 - 06:06 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਤੋਂ ਠੀਕ ਪਹਿਲਾਂ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਨੇੜੇ ਇਕ ਸ਼ਖਸ ਨੂੰ ਪੁਲਸ ਨੇ ਸ਼ੁੱਕਰਵਾਰ ਨੂੰ ਬੰਦੂਕ ਅਤੇ 500 ਗੋਲੀਆਂ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਸ਼ਖਸ ਕੋਲੋਂ ਬਾਈਡੇਨ ਦੇ ਸਹੁੰ ਚੁੱਕ ਸਮਾਗਮ ਵਿਚ ਜਾਣ ਦਾ ਫਰਜ਼ੀ ਪਾਸ ਵੀ ਸੀ। ਦੋਸ਼ੀ ਨੇ ਬੰਦੂਕ ਅਤੇ ਗੋਲੀਆਂ ਨੂੰ ਆਪਣੇ ਟਰੱਕ ਦੇ ਅੰਦਰ ਲੁਕੋ ਕੇ ਰੱਖਿਆ ਸੀ। ਫੜੇ ਗਏ ਦੋਸ਼ੀ ਦੀ ਪਛਾਣ ਵੇਸਲੇ ਏ ਬਿਲਰ (31) ਦੇ ਰੂਪ ਵਿਚ ਕੀਤੀ ਗਈ ਹੈ। ਫੜੇ ਜਾਣ ਦੇ ਬਾਅਦ ਕਿੱਲਰ ਨੇ ਕਿਹਾ ਕਿ ਭੁਲੇਖੇ ਨਾਲ ਉਹ ਬੰਦੂਕ ਅਤੇ ਗੋਲੀਆਂ ਲਿਆਇਆ ਸੀ।
ਬਿਲਰ ਨੇ ਦਾਅਵਾ ਕੀਤਾ ਕਿ ਉਹ ਵਾਸ਼ਿੰਗਟਨ ਵਿਚ ਸਿਕਓਰਿਟੀ ਦਾ ਕੰਮ ਕਰਦਾ ਹੈ। ਉਸ ਨੂੰ ਕੰਮ 'ਤੇ ਜਾਣ ਵਿਚ ਦੇਰੀ ਹੋ ਰਹੀ ਸੀ ਅਤੇ ਇਸੇ ਕਾਰਨ ਉਹ ਭੁਲੇਖੇ ਨਾਲ ਹਥਿਆਰਾਂ ਸਮੇਤ ਉੱਥੇ ਪਹੁੰਚ ਗਿਆ। ਉੱਧਰ ਸੰਘੀ ਜਾਂਚ ਏਜੰਸੀਆਂ ਨੇ ਕਿਹਾ ਹੈ ਕਿ ਬਿਲਰ ਇਕ ਕੰਟਰੈਕਟਰ ਦੇ ਤੌਰ 'ਤੇ ਕੰਮ ਕਰਦਾ ਹੈ। ਉਸ ਦੇ ਪਛਾਣ ਪੱਤਰ ਨੂੰ ਪਾਰਕ ਪੁਲਸ ਨੇ ਜਾਰੀ ਕੀਤਾ ਸੀ ਪਰ ਪੁਲਸ ਅਧਿਕਾਰੀ ਨੇ ਉਸ ਦੀ ਪਛਾਣ ਨਹੀਂ ਕੀਤੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਗੂਗਲ ਸਰਚ 'ਚ ਖ਼ਬਰਾਂ ਮਿਲਣੀਆਂ ਬੰਦ, ਸਰਕਾਰ ਨੇ ਲਗਾਈ ਫਟਕਾਰ
ਜਾਂਚ ਏਜੰਸੀਆਂ ਨੇ ਕਿਹਾ ਕਿ ਬਿਲਰ ਦਾ ਕਿਸੇ ਵੀ ਅੱਤਵਾਦੀ ਸਮੂਹ ਨਾਲ ਪੁਰਾਣਾ ਸੰਬੰਧ ਨਹੀਂ ਸੀ। ਬਿਲਰ 'ਤੇ ਬਿਨਾਂ ਲਾਈਸੈਂਸ ਦੇ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਪੁਲਸ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਜਦੋਂ ਬਿਲਰ ਨੂੰ ਰੋਕਿਆ ਗਿਆ ਤਾਂ ਉਸ ਨੇ ਮੰਨਿਆ ਕਿ ਉਸ ਕੋਲ ਹਥਿਆਰ ਹਨ। ਪੁਲਸ ਨੇ ਤੁਰੰਤ ਬਿਲਰ ਨੂੰ ਹਿਰਾਸਤ ਵਿਚ ਲੈ ਲਿਆ। ਉਸ ਕੋਲੋਂ ਮਿਲੀਆਂ ਗੋਲੀਆਂ 9 ਐੱਮ.ਐੱਮ. ਦੇ ਹੈਂਡਗਨ ਦੀਆਂ ਹਨ। ਇੱਥੇ ਦੱਸ ਦਈਏ ਕਿ ਜੋਅ ਬਾਈਡੇਨ ਦਾ ਸਹੁੰ ਚੁੱਕ ਸਮਾਗਮ 20 ਜਨਵਰੀ ਨੂੰ ਹੋਣਾ ਹੈ ਅਤੇ ਟਰੰਪ ਸਮਰਥਕਾਂ ਵੱਲੋਂ ਹਿੰਸਾ ਦੇ ਖਤਰੇ ਨੂੰ ਦੇਖਦੇ ਹੋਏ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।