ਸੈਕਸ ਸ਼ੋਸ਼ਣ ਦੇ ਦੋਸ਼ਾਂ ਹੇਠ ਘਿਰਿਆ ਅਮਰੀਕਾ ਦਾ ਸਾਊਦਰਨ ਬੈਪਟਿਸਟ ਚਰਚ
Thursday, Feb 14, 2019 - 12:53 AM (IST)
ਸ਼ਿਕਾਗੋ, 13 ਫਰਵਰੀ (ਭਾਸ਼ਾ)–ਅਮਰੀਕਾ ਦੇ ਸਭ ਤੋਂ ਵੱਡੇ ਪ੍ਰੋਟੈਸਟੈਂਟ ਭਾਈਚਾਰੇ ਨਾਲ ਸਬੰਧਤ ਸਾਊਦਰਨ ਬੈਪਟਿਸਟ ਚਰਚ ਸੈਕਸ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਇਕ ਰਿਪੋਰਟ ਵਿਚ 1998 ਤੋਂ ਹੁਣ ਤੱਕ ਸੈਂਕੜੇ ਦੋਸ਼ੀਆਂ ਅਤੇ 700 ਤੋਂ ਵੱਧ ਪੀੜਤਾਂ ਦਾ ਖੁਲਾਸਾ ਕੀਤਾ ਗਿਆ ਹੈ। ਟੈਕਸਾਸ ਦੀਆਂ 2 ਅਖਬਾਰਾਂ ਦੀਆਂ ਰਿਪੋਰਟਾਂ ਮੁਤਾਬਕ ਲਗਭਗ 380 ਚਰਚ ਨੇਤਾਵਾਂ ਅਤੇ ਸਵੈਮ ਸੇਵਕਾਂ ਨੇ ਸੈਕਸ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕੀਤਾ। ਇਨ੍ਹਾਂ ਵਿਚੋਂ ਵਧੇਰੇ ਅਪਰਾਧ 3 ਸਾਲ ਤੱਕ ਦੇ ਬੱਚਿਆਂ ਜਾਂ ਬੱਚੀਆਂ ਨਾਲ ਹੋਏ। ਅਖਬਾਰਾਂ ਨੇ ਲਿਖਿਆ ਹੈ ਕਿ ਕੁਝ ਮੁਲਜ਼ਮ ਅਜੇ ਵੀ ਸਾਊਦਰਨ ਬੈਪਟਿਸਟ ਚਰਚਾਂ ਵਿਚ ਕੰਮ ਕਰ ਰਹੇ ਹਨ।
ਰਿਪੋਰਟ ਦੇ ਜਵਾਬ ਵਿਚ ਚਰਚ ਦੇ ਅਧਿਕਾਰੀਆਂ ਨੇ ਮੰਨਿਆ ਕਿ ਪੀੜਤਾਂ ਦੀ ਗਿਣਤੀ ਵੱਧ ਹੋ ਸਕਦੀ ਹੈ। ਉਨ੍ਹਾਂ ਪੀੜਤਾਂ ਨੂੰ ਸਾਹਮਣੇ ਆਉਣ ਦੀ ਬੇਨਤੀ ਕੀਤੀ। ਇਨ੍ਹਾਂ ਖੁਲਾਸਿਆਂ ਕਾਰਨ ਭਾਈਚਾਰੇ ਦੇ ਅਕਸ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਭਾਈਚਾਰੇ ਦੀਆਂ 47 ਹਜ਼ਾਰ ਚਰਚਾਂ ਹਨ। ਡੇਢ ਕਰੋੜ ਤੋਂ ਵੱਧ ਮੈਂਬਰ ਵੀ ਹਨ। ਕੈਥੋਲਿਕ ਚਰਚ ਵੀ ਇਸ ਤਰ੍ਹਾਂ ਦੇ ਖੁਲਾਸਿਆਂ ਦਾ ਸਾਹਮਣਾ ਕਰ ਰਹੀ ਹੈ।
