ਫਰਿਜਨੋ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਅਮਰੀਕਾ ਦਾ 'ਆਜ਼ਾਦੀ ਦਿਹਾੜਾ' (ਤਸਵੀਰਾਂ)
Monday, Jul 05, 2021 - 10:28 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਲੰਘੀ 4 ਜੁਲਾਈ ਨੂੰ ਅਮਰੀਕਾ ਦਾ 245ਵਾਂ ਆਜ਼ਾਦੀ ਪੂਰੇ ਅਮਰੀਕਾ ਵਿੱਚ ਬੜੇ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਇਸੇ ਕੜੀ ਤਹਿਤ ਕਬੱਡੀ ਪ੍ਰਮੋਟਰ ਅਤੇ ਟਰਾਂਸਪੋਰਟਰ ਨਾਜਰ ਸਿੰਘ ਸਹੋਤਾ, ਲੇਖਕ ਅਮਰਜੀਤ ਸਿੰਘ ਦੌਧਰ ਅਤੇ ਸਾਥੀਆ ਦੇ ਉੱਦਮ ਸਦਕਾ ਫਰਿਜਨੋ ਦੇ ਬੰਬੇ ਬਿਜਨਸ ਪਾਰਕ ਵਿੱਚ ਵੀ ਅਮਰੀਕਾ ਦਾ ਆਜ਼ਾਦੀ ਦਿਹਾੜਾ ਧੂਮ ਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਅਮੈਰਕਿਨ ਫਲੈਗ ਅਤੇ ਖਾਲਸਾਈ ਝੰਡਿਆਂ ਨਾਲ ਸ਼ਿੰਗਾਰੇ ਘੋੜੇ ਅਤੇ ਫੋਰਡ ਟਰੈਕਟਰ ਖ਼ਾਸ ਖਿੱਚ ਦਾ ਕੇਂਦਰ ਰਹੇ। ਘੋੜ ਸਵਾਰਾਂ ਨੇ ਘੋੜਿਆਂ ਦੀ ਚਾਲ ਘੜਾਉਂਦਿਆਂ ਘੋੜ ਸਵਾਰੀ ਦੇ ਚੰਗੇ ਜੌਹਰ ਵਿਖਾਏ। ਕੋਵਿਡ-19 ਪਿੱਛੋਂ ਇਹ ਇੱਕ ਤਰ੍ਹਾਂ ਨਾਲ ਨੌਰਥ ਅਮਰੀਕਾ ਦਾ ਪਹਿਲਾ ਪੰਜਾਬੀ ਮੇਲਾ ਹੋ ਨਿਬੜਿਆ।ਘੋੜ ਸਵਾਰੀ ਅਤੇ ਟਰੈਕਟਰ ਸ਼ੋਅ ਤੋਂ ਬਾਅਦ ਪੰਜਾਬੀ ਗਾਇਕੀ ਦੇ ਖੁੱਲ੍ਹੇ ਅਖਾੜੇ ਦਾ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾ ਅੰਦਾਜ਼ ਵਿੱਚ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ।
ਯਮਲਾ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਗਾਇਕੀ ਦੇ ਅਖਾੜੇ ਦੀ ਸ਼ੁਰੂਆਤ ਕੀਤੀ। ਗਾਇਕ ਗੋਗੀ ਸੰਧੂ ਨੇ ਦੀਦਾਰ ਸੰਧੂ ਦੇ ਗੀਤਾਂ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਬਹਾਦਰ ਸਿੱਧੂ ਅਤੇ ਬਾਈ ਸੁਰਜੀਤ ਨੇ ਦੋ ਦੋ ਗੀਤ ਗਾਕੇ ਆਪਣੀ ਹਾਜ਼ਰੀ ਲਵਾਈ। ਦਿਲਦਾਰ ਗਰੁੱਪ ਦੇ ਰਾਣੀ ਗਿੱਲ, ਕੰਤਾ ਅਤੇ ਅਵਤਾਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਚੰਗਾ ਸਮਾਂ ਬੰਨਿਆ।
ਪੜ੍ਹੋ ਇਹ ਅਹਿਮ ਖਬਰ - UAE 'ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਲੱਗਾ 40 ਕਰੋੜ ਦਾ 'ਜੈਕਪਾਟ'
ਦਰਸ਼ਕਾਂ ਦੀ ਪੁਰਜੋਰ ਮੰਗ ਤੇ ਸਰਪੰਚ ਬਬਲੇ ਮਲੂਕੇ ਨੇ ਇੱਕ ਗੀਤ ਨਾਲ ਹਾਜ਼ਰੀ ਲਵਾਈ। ਸੰਗੀਤਕਾਰ ਅਤੇ ਗੀਤਕਾਰ ਪੱਪੀ ਭਦੌੜ ਨੇ ਆਪਣਾ ਸਦਾ ਬਹਾਰ ਗੀਤ “ਆਹ ਮੇਰੇ ਦਿਲਾਵਰ ਯਾਰਾਂ ਤੇਰੀ ਯਾਦ ਸਤਾਉਂਦੀ ਆ” ਗਾਕੇ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ। ਰੇਡੀਓ ਹੋਸਟ ਤੇ ਲੇਖਕ ਜਗਤਾਰ ਗਿੱਲ ਨੇ ਆਪਣੇ ਟੋਟਕਿਆਂ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ।
ਅਖੀਰ ਲੋਕ ਗਾਇਕ ਧਰਮਵੀਰ ਥਾਂਦੀ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਅਖਾੜੇ ਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ। ਅੰਤ ਵਿੱਚ ਸ. ਨਾਜਰ ਸਿੰਘ ਸਹੋਤਾ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਸਾਰੇ ਅਮੇਰਿਕਨ ਅਤੇ ਪੰਜਾਬੀ ਭਾਈਚਾਰੇ ਨੂੰ ਫੋਰਥ ਜੁਲਾਈ ਦੀ ਵਧਾਈ ਦਿੱਤੀ।
ਪੂਰੇ ਸਮਾਗਮ ਦੌਰਾਨ ਮੋਗਾ ਮੀਟ ਵਾਲੇ ਦਿਲਬਾਗ ਗਿੱਲ ਦੁਆਰਾ ਬਾਰਬੇਕਿਊ ਕੀਤਾ ਗਿਆ। ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਸੋਨੂੰ ਟਰੂ ਵੇ ਟਰੱਕਿੰਗ , ਗਰੀਨ ਵੈਲੀ ਪਾਰਕ ਨਿਰਮਲ ਸਿੰਘ ਨਿੰਮਾ ਅਤੇ ਤੱਖਰ, ਜੇ ਟੀ ਐਸ ਕਰੱਕ ਪਰਮਿਟ ਦੇ ਮਾਲਕ ਜੰਗਸ਼ੇਰ ਸਿੰਘ ਵੱਲੋਂ ਖਾਸ ਯੋਗਦਾਨ ਪਾਇਆ ਗਿਆ। ਅਖੀਰ ਵਿੱਚ ਫੋਰਥ ਜੁਲਾਈ ਸੈਲੀਬਰੇਸ਼ਨ ਨੂੰ ਮੁੱਖ ਰੱਖਦਿਆਂ ਪਟਾਕੇ ਚਲਾਏ ਗਏ ਅਤੇ ਰਾਤਰੀ ਦੇ ਭੋਜਨ ਨਾਲ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।
ਨੋਟ- ਫਰਿਜਨੋ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਅਮਰੀਕਾ ਦਾ 'ਆਜ਼ਾਦੀ ਦਿਹਾੜਾ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।